ਪੰਜਾਬ ਦੇ ਮੋਹਾਲੀ 'ਚ 5 ਮੁੰਡਿਆਂ ਨੂੰ ਦੁਕਾਨ 'ਚੋਂ ਬਿਸਕਟ ਚੋਰੀ ਕਰ ਖਾਣ ਦੇ ਮਾਮਲੇ 'ਚ ਉਨ੍ਹਾਂ ਨੂੰ ਨੰਗਾ ਕਰਕੇ ਕੁੱਟਣ ਵਾਲੇ ਮਾਮਲੇ ‘ਤੇ ਬਾਲ ਅਧਿਕਾਰ ਕਮਿਸ਼ਨ ਨੇ ਪੁਲਿਸ ਤੋਂ ਰਿਪੋਰਟ ਤਲਬ ਕੀਤੀ ਹੈ। ਪੁਲਿਸ ਨੂੰ ਅੱਜ ਕਮਿਸ਼ਨ ਦੇ ਦਫ਼ਤਰ 'ਚ ਹੁਣ ਤੱਕ ਦੀ ਕਾਰਵਾਈ ਦੀ ਰਿਪੋਰਟ ਪੇਸ਼ ਕਰਨੀ ਹੈ। ਇਸ ਤੋਂ ਬਾਅਦ ਕਮਿਸ਼ਨ ਪੁਲਿਸ ਦੀ ਕਾਰਵਾਈ ਸਬੰਧੀ ਅੱਗੇ ਦਾ ਫ਼ੈਸਲਾ ਲਵੇਗਾ।
ਕਮਿਸ਼ਨ ਦਾ ਕਹਿਣਾ ਹੈ ਕਿ ਜੇ ਬੱਚਿਆਂ ਤੋਂ ਕੋਈ ਗਲਤੀ ਹੋਈ ਵੀ ਸੀ ਤਾਂ ਵੀ ਉਨ੍ਹਾਂ ਨੂੰ ਨੰਗਾ ਕਰਕੇ ਕੁੱਟਣਾ ਠੀਕ ਨਹੀਂ। ਅਜਿਹੇ ਮਾਮਲਿਆਂ ਲਈ ਥਾਣੇ ਤੇ ਅਦਾਲਤਾਂ ਬਣੀਆਂ ਹੋਈਆਂ ਹਨ। ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ‘ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਪੰਜ ਬੱਚਿਆਂ ਨੂੰ ਨੰਗਾ ਕਰਕੇ ਕੁੱਟਿਆ ਸੀ
ਇਹ ਮਾਮਲਾ ਤਿੰਨ ਦਿਨ ਪਹਿਲਾਂ, ਯਾਨੀ 21 ਅਕਤੂਬਰ 2025 ਨੂੰ ਸਾਹਮਣੇ ਆਇਆ ਸੀ। ਜੀਰਕਪੁਰ 'ਚ ਕੁਝ ਲੋਕਾਂ ਨੇ ਪੰਜ ਬੱਚਿਆਂ ਨੂੰ ਨੰਗਾ ਕਰਕੇ ਕੁੱਟਿਆ ਸੀ। ਦੋਸ਼ ਲਗਾਇਆ ਗਿਆ ਸੀ ਕਿ ਬੱਚਿਆਂ ਨੇ ਇੱਕ ਦੁਕਾਨ ਤੋਂ ਬਿਸਕਟ ਚੋਰੀ ਕਰ ਖਾ ਲਏ ਸਨ। ਬੱਚਿਆਂ ਨੂੰ ਸਿਰਫ ਨੰਗਾ ਕਰਕੇ ਕੁੱਟਿਆ ਹੀ ਨਹੀਂ ਗਿਆ, ਸਗੋਂ ਸੜਕ 'ਤੇ ਮੁਰਗਾ ਵੀ ਬਣਾਇਆ ਗਿਆ।
ਬੱਚੇ ਮੰਗਦੇ ਰਹੇ ਰਹਿਮ ਦੀ ਭੀਖ
ਇਹੀ ਨਹੀਂ, ਬੱਚਿਆਂ ਨੂੰ ਕੁੱਟਦੇ ਹੋਏ ਦੇ ਵੀਡੀਓ ਵੀ ਬਣਾਏ ਗਏ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੇ ਗਏ। ਵਾਇਰਲ ਵੀਡੀਓ ਵਿੱਚ ਬੱਚੇ ਹੱਥ ਜੋੜਕੇ ਰਹਿਮ ਦੀ ਭੀਖ ਮੰਗਦੇ ਨਜ਼ਰ ਆ ਰਹੇ ਸਨ, ਪਰ ਕਿਸੇ ਨੇ ਉਨ੍ਹਾਂ ‘ਤੇ ਤਰਸ ਨਹੀਂ ਕੀਤਾ। ਇਸ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ, ਜਿਸ ‘ਤੇ ਪੁਲਿਸ ਨੇ FIR ਦਰਜ ਕਰ ਲਈ ਹੈ। ਹਾਲਾਂਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਜੇ ਤੱਕ ਨਹੀਂ ਹੋਈ।
ਇਹ ਬੱਚੇ 15 ਤੋਂ 17 ਸਾਲ ਦੀ ਉਮਰ ਦੇ ਹਨ। ਪੰਜੇ ਇੱਕੋ ਪਿੰਡ ਦੇ ਰਹਿਣ ਵਾਲੇ ਤੇ ਆਪਸ ਵਿਚ ਦੋਸਤ ਹਨ। ਉਹ ਵੀ.ਆਈ.ਪੀ. ਰੋਡ ‘ਤੇ ਪਹੁੰਚੇ ਹੋਏ ਸਨ, ਜਿੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਕੰਮ ਕਰ ਰਹੇ ਸਨ। ਇਸ ਦੌਰਾਨ ਬੱਚਿਆਂ ਨੇ ਇੱਕ ਦੁਕਾਨ ਤੋਂ ਬਿਸਕਟ ਦਾ ਪੈਕਟ ਚੁੱਕ ਕੇ ਖਾ ਲਿਆ, ਜਿਸ ਕਰਕੇ ਦੁਕਾਨਦਾਰ ਤੇ ਹੋਰ ਲੋਕ ਗੁੱਸੇ ਵਿਚ ਆ ਗਏ।
ਬੱਚਿਆਂ ਦੇ ਕੱਪੜੇ ਉਤਾਰ ਕੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਵੀ.ਆਈ.ਪੀ. ਬਲਾਕ-ਬੀ ‘ਚ ਰਹਿਣ ਵਾਲਾ ਇੱਕ ਵਿਅਕਤੀ ਤਕਰੀਬਨ 9-10 ਹੋਰ ਜਵਾਨਾਂ ਨਾਲ ਮੌਕੇ ‘ਤੇ ਪਹੁੰਚਿਆ। ਉਸ ਨੇ ਸਾਰੇ ਬੱਚਿਆਂ ਦੇ ਕੱਪੜੇ ਉਤਾਰਵਾ ਦਿੱਤੇ ਤੇ ਉਨ੍ਹਾਂ ਨੂੰ ਨੰਗਾ ਕਰਕੇ ਕੁੱਟਿਆ। ਬੱਚਿਆਂ ਨਾਲ ਗਾਲਾਂ ਕੱਢੀਆਂ ਗਈਆਂ ਤੇ ਦੋਸ਼ ਲੱਗਿਆ ਹੈ ਕਿ ਉਨ੍ਹਾਂ ਨੂੰ ਹਰੀ ਮਿਰਚ ਵੀ ਖਵਾਈ ਗਈ।
ਇਸ ਮਾਮਲੇ ਨੂੰ ਲੈ ਕੇ ਪੰਜਾਬ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਨੋਟਿਸ ਲਿਆ ਹੈ। ਕਮਿਸ਼ਨ ਨੇ ਜਾਂਚ ਅਧਿਕਾਰੀ ਨੂੰ ਜਾਂਚ ਰਿਪੋਰਟ ਸਮੇਤ ਤਲਬ ਕੀਤਾ ਹੈ। ਜਾਂਚ ਅਧਿਕਾਰੀ ਨੂੰ 27 ਅਕਤੂਬਰ ਸਵੇਰੇ 11 ਵਜੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ।