Chandigarh Mayor Election: ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਵਿਚਾਲੇ ਦੋ ਵੱਡੇ ਫੇਰਬਦਲ ਦੇਖਣ ਨੂੰ ਮਿਲੇ ਹਨ। ਪਹਿਲਾਂ ਇਹ ਹੈ ਕਿ ਚੰਡੀਗੜ੍ਹ ਦੇ ਨਵੇਂ ਮੇਅਰ ਮਨੋਜ ਸੋਨਕਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੂਸਰਾ ਇਹ ਹੈ ਕਿ ਆਮ ਆਮਦੀ ਪਾਰਟੀ ਦੇ ਤਿੰਨ ਕੌਂਸਲਰ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ।
ਇਸ ਸਭ ਉਸ ਸਮੇਂ ਹੋਇਆ ਹੈ ਜਦੋਂ ਚੰਡੀਗੜ੍ਹ ਮੇਅਰ ਚੋਣ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣ ਜਾ ਰਹੀ ਹੈ। ਸੁਪਰੀਮ ਕੋਰਟ 'ਚ ਅੱਜ ਹੋਣ ਵਾਲੀ ਸੁਣਵਾਈ I.N.D.I.A ਗਠਜੋੜ ਦੇ ਮੇਅਰ ਅਹੁਦੇ ਦੇ ਉਮੀਦਵਾਰ ਕੁਲਦੀਪ ਕੁਮਾਰ ਟੀਟਾ ਵੱਲੋਂ ਦਾਇਰ ਪਟੀਸ਼ਨ 'ਤੇ ਹੋਵੇਗੀ। ਗਠਜੋੜ ਨੇ ਭਾਜਪਾ 'ਤੇ ਦੋਸ਼ ਲਾਇਆ ਹੈ ਕਿ ਚੋਣ ਅਧਿਕਾਰੀ ਅਨਿਲ ਮਸੀਹ ਨੇ ਚੰਡੀਗੜ੍ਹ ਮੇਅਰ ਚੋਣਾਂ 'ਚ ਵੋਟਾਂ ਦੀ ਗਿਣਤੀ 'ਚ ਧਾਂਦਲੀ ਕੀਤੀ ਹੈ। ਜਿਸ ਕਾਰਨ ਭਾਜਪਾ ਨੇ ਧੋਖੇ ਨਾਲ ਆਪਣਾ ਮੇਅਰ ਬਣਾਇਆ ਹੈ।
ਚੰਡੀਗੜ੍ਹ ਦੇ ਮੇਅਰ ਬਣੇ ਮਨੋਜ ਸੋਨਕਰ ਨੇ ਐਤਵਾਰ (18 ਫਰਵਰੀ) ਰਾਤ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਅਰੁਣ ਸੂਦ ਨੇ ਮੇਅਰ ਦੇ ਅਸਤੀਫੇ ਦੀ ਪੁਸ਼ਟੀ ਕੀਤੀ ਸੀ। ਚੰਡੀਗੜ੍ਹ ਮੇਅਰ ਚੋਣਾਂ 'ਚ ਧਾਂਦਲੀ ਦੇ ਮਾਮਲੇ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਣੀ ਹੈ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ 3 ਕੌਂਸਲਰ ਐਤਵਾਰ ਰਾਤ ਦਿੱਲੀ ਪਹੁੰਚ ਗਏ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ। ਪੂਨਮ ਦੇਵੀ, ਨੇਹਾ ਮੁਸਾਵਤ ਅਤੇ ਗੁਰਚਰਨਜੀਤ ਸਿੰਘ ਕਾਲਾ ਨੂੰ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਭਾਜਪਾ ਦੀ ਮੈਂਬਰਸ਼ਿਪ ਦਿੱਤੀ। ਹੁਣ ਸੋਮਵਾਰ ਦੀ ਸੁਣਵਾਈ ਤੋਂ ਬਾਅਦ ਜੇਕਰ ਸੁਪਰੀਮ ਕੋਰਟ ਮੇਅਰ ਚੋਣਾਂ ਦੁਬਾਰਾ ਕਰਵਾਉਣ ਦਾ ਹੁਕਮ ਦਿੰਦੀ ਹੈ ਤਾਂ ਭਾਜਪਾ ਦੀ ਜਿੱਤ ਲਗਭਗ ਤੈਅ ਹੋ ਜਾਵੇਗੀ।
'ਆਪ' ਦੇ 3 ਕੌਂਸਲਰ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਨਗਰ ਨਿਗਮ 'ਚ ਸਮੀਕਰਨ ਪੂਰੀ ਤਰ੍ਹਾਂ ਬਦਲ ਜਾਣਗੇ। ਭਾਜਪਾ ਕੋਲ ਪਹਿਲਾਂ ਹੀ ਇੱਕ ਸੰਸਦ ਮੈਂਬਰ ਸਮੇਤ 15 ਵੋਟਾਂ ਹਨ। 'ਆਪ' ਦੇ 3 ਕੌਂਸਲਰਾਂ ਦੇ ਭਾਜਪਾ 'ਚ ਸ਼ਾਮਲ ਹੋਣ ਨਾਲ ਇਹ ਅੰਕੜਾ 18 ਹੋ ਗਿਆ ਹੈ। ਇੱਕ ਅਕਾਲੀ ਦਲ ਦੀ ਵੋਟ ਜੋੜਨ ਨਾਲ ਇਹ ਗਿਣਤੀ 19 ਹੋ ਜਾਵੇਗੀ। ਅਜਿਹੇ 'ਚ ਜੇਕਰ ਸੁਪਰੀਮ ਕੋਰਟ ਨੇ ਮੇਅਰ ਚੋਣਾਂ ਦੁਬਾਰਾ ਕਰਵਾਉਣ ਦਾ ਫੈਸਲਾ ਕੀਤਾ ਤਾਂ ਭਾਜਪਾ ਆਪਣੇ ਆਪ ਨੂੰ ਪੂਰੇ ਬਹੁਮਤ ਨਾਲ ਮੇਅਰ ਬਣਾ ਦੇਵੇਗੀ।