Chandigarh News: ਚੰਡੀਗੜ੍ਹ ਦੀ ਇੱਕ ਵੀਡੀਓ ਇਨ੍ਹੀਂ ਦਿਨੀਂ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ 17 ਜੁਲਾਈ ਦੀ ਦੱਸੀ ਜਾ ਰਹੀ ਹੈ। ਜਿਸ 'ਚ ਵਾਹਨਾਂ ਦੀਆਂ ਛੱਤਾਂ 'ਤੇ, ਵਾਹਨਾਂ ਦੀਆਂ ਖਿੜਕੀਆਂ 'ਤੇ ਬੈਠੇ ਲੋਕ ਤੇ ਬਿਨਾਂ ਹੈਲਮੇਟ ਤੋਂ ਬਾਈਕ ਸਵਾਰ ਨੌਜਵਾਨ ਸ਼ਹਿਰ ਦੀਆਂ ਸੜਕਾਂ 'ਤੇ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਵਾਇਰਲ ਵੀਡੀਓ ਪੁਲਿਸ ਕੋਲ ਪਹੁੰਚੀ ਤਾਂ ਦੋਸ਼ੀਆਂ ਦੇ ਬਾਰੇ ਛਾਣਬੀਣ ਕੀਤੀ ਗਈ। ਟ੍ਰੈਫਿਕ ਪੁਲਿਸ ਦੇ ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਡਰਾਈਵਰਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਹ ਵਾਇਰਲ ਵੀਡੀਓ ਬੁੜੈਲ ਜੇਲ੍ਹ 'ਚ ਨਾਬਾਲਗ ਨਾਲ ਬਲਾਤਕਾਰ ਅਤੇ ਚੋਰੀ ਦੇ ਮਾਮਲੇ 'ਚ ਸਜ਼ਾ ਕੱਟ ਕੇ ਵਾਪਸ ਪਰਤੇ ਦੋਸ਼ੀ ਦੇ ਸਵਾਗਤ ਦੀ ਹੈ।


8 ਵਾਹਨ ਚਾਲਕਾਂ ਦਾ ਚਾਲਾਨ 


ਵਾਇਰਲ ਵੀਡੀਓ 'ਤੇ ਕਾਰਵਾਈ ਕਰਦੇ ਹੋਏ ਟ੍ਰੈਫਿਕ ਪੁਲਿਸ ਨੇ 8 ਵਾਹਨ ਚਾਲਕਾਂ ਖਿਲਾਫ਼ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਚਲਾਨ ਕੱਟੇ ਹਨ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਪੈਰੋਲ 'ਤੇ ਆਏ ਕੈਦੀ ਖਿਲਾਫ਼ ਚੰਡੀਗੜ੍ਹ 'ਚ ਕਈ ਮਾਮਲੇ ਦਰਜ ਹਨ। 17 ਜੁਲਾਈ ਨੂੰ ਮੁਲਜ਼ਮ ਪੈਰੋਲ ’ਤੇ ਬੁੜੈਲ ਜੇਲ੍ਹ ’ਚੋਂ ਬਾਹਰ ਆਇਆ ਸੀ। ਇਸ ਦੌਰਾਨ ਧਨਾਸ ਸਥਿਤ ਉਸ ਦੇ ਘਰ ਜਾਣ ਸਮੇਂ ਉਸ ਦੇ ਦੋਸਤਾਂ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਿਆਂ ਉਸ ਦਾ ਸਵਾਗਤ ਕੀਤਾ ਸੀ। ਇਸ ਦੇ ਨਾਲ ਹੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਸੱਤ ਵੱਖ-ਵੱਖ ਉਲੰਘਣਾਵਾਂ ਦੇ ਚਲਾਨ ਕੱਟ ਕੇ ਅੱਠ ਵਾਹਨਾਂ ਦੇ ਡਰਾਈਵਿੰਗ ਲਾਇਸੰਸ ਜ਼ਬਤ ਕੀਤੇ ਹਨ। ਇਸ ਦੇ ਨਾਲ ਹੀ ਬਿਨਾਂ ਹੈਲਮੇਟ ਵਾਲੇ ਬਾਈਕ ਸਵਾਰਾਂ ਦਾ ਲਾਇਸੈਂਸ ਤਿੰਨ ਮਹੀਨਿਆਂ ਲਈ ਰੱਦ ਕਰਨ ਲਈ ਭੇਜਿਆ ਗਿਆ ਹੈ।


ਸੀਸੀਟੀਵੀ ਕੈਮਰਿਆਂ ਦੇ ਫੁਟੇਜ ਦੀ ਜਾਂਚ


ਵਾਇਰਲ ਵੀਡੀਓ ਚੰਡੀਗੜ੍ਹ ਦੇ ਸੈਕਟਰ-51 ਤੋਂ ਸੈਕਟਰ 51,52 ਦੀ ਡਿਵਾਈਡਿੰਗ ਦੀ ਤਰ੍ਹਾਂ ਆ ਰਹੀ ਸੜਕ ਦਾ ਦੱਸਿਆ ਜਾ ਰਿਹਾ ਹੈ। ਜਿਸ ਵਿੱਚ ਕਾਰਾਂ ਅਤੇ ਬਾਈਕ ਸਵਾਰਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਜਿਸ ਲਈ ਹੁਣ ਟਰੈਫਿਕ ਪੁਲਿਸ ਸ਼ਹਿਰ ਭਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ਵਿੱਚ ਲੱਗੀ ਹੋਈ ਹੈ। ਜਾਂਚ ਤੋਂ ਬਾਅਦ ਵਾਹਨਾਂ ਦੇ ਨੰਬਰਾਂ ਦੇ ਆਧਾਰ 'ਤੇ ਡਰਾਈਵਰਾਂ ਨੂੰ ਸੈਕਟਰ-29 ਸਥਿਤ ਟ੍ਰੈਫਿਕ ਪੁਲਿਸ ਲਾਈਨ 'ਚ ਬੁਲਾਇਆ ਗਿਆ। ਜਿਸ ਤੋਂ ਬਾਅਦ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 8 ਵਾਹਨਾਂ ਦੇ ਚਲਾਨ ਕੀਤੇ ਗਏ ਹਨ।