Chandigarh News: ਸਖਤੀ ਦੇ ਬਾਵਜੂਦ ਹੈਰੋਇਨ ਦੀ ਸਪਲਾਈ ਸ਼ਰੇਆਮ ਹੋ ਰਹੀ ਹੈ। ਹੁਣ ਚੰਡੀਗੜ੍ਹ ਵਿੱਚ ਹੈਰੋਇਨ ਸਪਲਾਈ ਕਰਨ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਸਪਲਾਈ ‘ਜ਼ੋਮੈਟੋ’ ਸਟਾਈਲ ਵਿੱਚ ਹੋ ਰਹੀ ਸੀ। ਹੋਰ ਤਾਂ ਹੋਰ ਇਸ ਗੈਂਗ ਨੂੰ ‘ਜ਼ੋਮੈਟੋ ਹੈਰੋਇਨ ਡਿਲਿਵਰੀ ਬੁਆਇਜ਼’ ਵਜੋਂ ਜਾਣਿਆ ਜਾਂਦਾ ਸੀ। ਆਖਰ ਪੁਲਿਸ ਨੇ ਇਸ ‘ਜ਼ੋਮੈਟੋ’ ਗੈਂਗ ਦੇ ਤਿੰਨ ਮੈਂਬਰਾਂ ਕਾਬੂ ਕਰ ਲਿਆ ਹੈ।



ਦੱਸ ਦਈਏ ਕਿ ਥਾਣਾ ਸੈਕਟਰ-34 ਦੀ ਪੁਲਿਸ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਆਮਦ ਕਰਕੇ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਲਾਏ ਇੱਕ ਨਾਕੇ ਦੌਰਾਨ ਟਰਾਈਸਿਟੀ ਵਿੱਚ ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲੇ ‘ਜ਼ੋਮੈਟੋ’ ਗੈਂਗ ਦੇ ਤਿੰਨ ਮੈਂਬਰਾਂ ਨੂੰ 52.3 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਓਮ ਪ੍ਰਕਾਸ਼, ਸਤੀਸ਼ ਕੁਮਾਰ ਤੇ ਵਿਕਾਸ ਵਾਸੀਆਨ ਗੰਗਾਨਗਰ (ਰਾਜਸਥਾਨ) ਵਜੋਂ ਹੋਈ ਹੈ।


ਪੁਲਿਸ ਸੂਤਰਾਂ ਅਨੁਸਾਰ ਥਾਣਾ ਸੈਕਟਰ-34 ਦੀ ਪੁਲਿਸ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਚੰਡੀਗੜ੍ਹ ਦੌਰੇ ਤੋਂ ਪਹਿਲਾਂ ਸੈਕਟਰ- 46/47/48/49 ਵਾਲੇ ਚੌਰ ਵਿੱਚ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਮੋਟਰਸਾਈਕਲਾਂ ’ਤੇ ਸਵਾਰ ਤਿੰਨ ਨੌਜਵਾਨਾਂ ਨੇ ਪੁਲਿਸ ਨੂੰ ਦੇਖ ਕੇ ਮੋਟਰਸਾਈਕਲ ਮੋੜ ਲਏ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਤਿੰਨਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਮੁਲਜ਼ਮਾਂ ਕੋਲੋਂ 52.3 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਓਮ ਪ੍ਰਕਾਸ਼ ਕੋਲੋਂ 21.21 ਗ੍ਰਾਮ, ਸਤੀਸ਼ ਕੁਮਾਰ ਕੋਲੋਂ 15.7 ਗ੍ਰਾਮ ਤੇ ਵਿਕਾਸ ਕੋਲੋਂ 16.2 ਗ੍ਰਾਮ ਹੈਰੋਇਨ ਬਰਾਮਦ ਕੀਤੀ।


ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਤਿੰਨੋਂ ਮੁਲਜ਼ਮ ‘ਜ਼ੋਮੈਟੋ ਹੈਰੋਇਨ ਡਿਲਿਵਰੀ ਬੁਆਇਜ਼’ ਦੇ ਨਾਂ ਤੋਂ ਮਸ਼ਹੂਰ ਹਨ ਜੋ ‘ਜ਼ੋਮੈਟੋ’ ਗੈਂਗ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਚਾਰ ਸਾਲਾਂ ਤੋਂ ਨਸ਼ਾ ਤਸਕਰੀ ਦੇ ਕਾਰੋਬਾਰ ਨਾਲ ਜੁੜੇ ਹੋਏ ਸਨ। ਉਹ ਰੋਜ਼ਾਨਾ ਟਰਾਈਸਿਟੀ ਵਿੱਚ 40 ਤੋਂ 50 ਗ੍ਰਾਮ ਹੈਰੋਇਨ ਸਪਲਾਈ ਕਰਦੇ ਸਨ।



ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਸਤੀਸ਼ ਕੁਮਾਰ ਨੂੰ 5 ਸਤੰਬਰ 2021 ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਸਮੇਂ ਉਸ ਨੇ 45 ਦਿਨ ਦੀ ਜੇਲ੍ਹ ਕੱਟੀ ਸੀ। ਥਾਣਾ ਸੈਕਟਰ-34 ਦੀ ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।