Chandigarh News : ਰਿਸ਼ਵਤਖੋਰੀ ਦੇ ਮਾਮਲੇ ਵਿੱਚ ਪੁਲਿਸ ਅਫਸਰ ਨੂੰ ਹੁਣ ਜੇਲ੍ਹ ਦੀ ਹਵਾ ਖਾਣੀ ਪਏਗੀ। ਅਦਾਲਤ ਨੇ ਚੰਡੀਗੜ੍ਹ ਪੁਲਿਸ ਦੇ ਸਬ ਇੰਸਪੈਕਟਰ ਅਰਵਿੰਦ ਕੁਮਾਰ ਨੂੰ ਚਾਰ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਮੁਲਜ਼ਮ ਨੂੰ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਭਰਨਾ ਪਏਗੀ। ਪੁਲਿਸ ਅਧਿਕਾਰੀ ਉੱਪਰ ਇਲਜ਼ਾਮ ਹੈ ਕਿ ਉਸ ਨੇ 20 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ ਤੇ 10 ਹਜ਼ਾਰ ਰੁਪਏ ’ਚ ਮਾਮਲਾ ਤੈਅ ਹੋਇਆ ਸੀ। 


ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ-43 ਵਿੱਚ ਸਥਿਤ ਜ਼ਿਲ੍ਹਾ ਅਦਾਲਤ ਵਿਚਲੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰਿਸ਼ਵਖੋਰੀ ਦੇ ਸੱਤ ਸਾਲ ਪੁਰਾਣੇ ਮਾਮਲੇ ਦੀ ਸੁਣਵਾਈ ਕਰਦਿਆਂ ਚੰਡੀਗੜ੍ਹ ਪੁਲਿਸ ਦੇ ਸਬ ਇੰਸਪੈਕਟਰ ਅਰਵਿੰਦ ਕੁਮਾਰ ਨੂੰ ਚਾਰ ਸਾਲਾਂ ਦੀ ਕੈਦ ਤੇ 20 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ।


ਪੁਲਿਸ ਕੇਸ ਮੁਕਾਬਕ ਬਲਕਾਰ ਸਿੰਘ ਸੈਣੀ ਨਾਮ ਦਾ ਵਿਅਕਤੀ ਰਾਸ਼ਨ ਦਾ ਡਿੱਪੂ ਚਲਾਉਂਦਾ ਹੈ। ਉਸ ’ਤੇ ਰਾਸ਼ਨ ਨੂੰ ਮਹਿੰਗੇ ਭਾਅ ’ਤੇ ਵੇਚਣ ਦਾ ਦੋਸ਼ ਸੀ। ਉਸ ਖ਼ਿਲਾਫ਼ ਪੁਲਿਸ ਨੇ ਸਾਲ 2014 ਵਿੱਚ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸਬ ਇੰਸਪੈਕਟਰ ਅਰਵਿੰਦ ਕੁਮਾਰ ਜ਼ਰੂਰੀ ਵਸਤਾਂ ਐਕਟ ਨਾਲ ਸਬੰਧਤ ਧਾਰਾਵਾਂ ਤਹਿਤ ਦਰਜ ਕੀਤੇ ਗਏ ਇਸ ਕੇਸ ਦਾ ਜਾਂਚ ਅਧਿਕਾਰੀ ਸੀ। 


ਇਸ ਦੌਰਾਨ ਅਰਵਿੰਦ ਕੁਮਾਰ ਨੇ ਬਲਕਾਰ ਸਿੰਘ ਨੂੰ ਕੇਸ ਵਿੱਚੋਂ ਬਾਹਰ ਕੱਢਣ ਲਈ ਉਸ ਕੋਲੋਂ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਤੇ ਅਖੀਰ ਸਮਝੌਤਾ 10 ਹਜ਼ਾਰ ਰੁਪਏ ’ਚ ਤੈਅ ਹੋ ਗਿਆ। ਇਸ ਬਾਰੇ ਡਿੱਪੂ ਹੋਲਡਰ ਬਲਕਾਰ ਸਿੰਘ ਨੇ ਸੀਬੀਆਈ ਨੂੰ ਸ਼ਿਕਾਇਤ ਕਰ ਦਿੱਤੀ। 


ਇਸ ’ਤੇ ਸੀਬੀਆਈ ਦੀ ਟੀਮ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਟਰੈਪ ਲਗਾ ਕੇ ਸਬ ਇੰਸਪੈਕਟਰ ਅਰਵਿੰਦ ਕੁਮਾਰ ਨੂੰ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਸੀ। ਸੀਬੀਆਈ ਦੀ ਅਦਾਲਤ ਨੇ ਕੇਸ ਦਾ ਨਿਬੇੜਾ ਕਰਦਿਆਂ ਅਰਵਿੰਦ ਕੁਮਾਰ ਨੂੰ ਚਾਰ ਸਾਲਾਂ ਦੀ ਕੈਦ ਤੇ 20 ਹਜ਼ਾਰ ਰੁਪਏ ਜੁਰਮਾਨਾ ਕੀਤਾ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।