Chandigarh News: ਚੰਡੀਗੜ੍ਹ ਵਾਲਿਆਂ ਲਈ ਖੁਸ਼ਖਬਰੀ ਹੈ। ਚੰਡੀਗੜ੍ਹ ਤੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਜਾਣ ਲਈ 11.5 ਕਿੱਲੋਮੀਟਰ ਦੀ ਥਾਂ ਸਿਰਫ਼ 3.5 ਕਿੱਲੋਮੀਟਰ ਸਫਰ ਕਰਨਾ ਪਏਗਾ। ਇਸ ਨਾਲ 25 ਮਿੰਟ ਦਾ ਰਾਹ 5 ਮਿੰਟ ’ਚ ਤੈਅ ਕੀਤਾ ਜਾ ਸਕੇਗਾ। ਇਸ ਲਈ ਯੂਟੀ ਪ੍ਰਸ਼ਾਸਨ ਬਦਲਵਾਂ ਰਸਤਾ ਬਣਾ ਰਿਹਾ ਹੈ। ਇਸ ਨੂੰ ਪੰਜਾਬ ਸਰਕਾਰ ਨੇ ਵੀ ਪ੍ਰਵਾਨਗੀ ਦੇ ਦਿੱਤੀ ਹੈ। 



ਹਾਸਲ ਜਾਣਕਾਰੀ ਮੁਤਾਬਕ ਯੂਟੀ ਪ੍ਰਸ਼ਾਸਨ ਚੰਡੀਗੜ੍ਹ ਤੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਦੀ ਦੂਰੀ ਘਟਾਉਣ ਲਈ ਬਦਲਵਾਂ ਰਾਹ ਬਣਾਉਣ ਜਾ ਰਿਹਾ ਹੈ। ਇਸ ਲਈ ਪੰਜਾਬ ਸਰਕਾਰ ਨੇ ਪ੍ਰਵਾਨਗੀ ਦੇ ਦਿੱਤੀ ਹੈ। ਸੋਮਵਾਰ ਨੂੰ ਯੂਟੀ ਸਕੱਤਰੇਤ ’ਚ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਅਗਵਾਈ ਹੇਠ ਚੰਡੀਗੜ੍ਹ ਤੋਂ ਹਵਾਈ ਅੱਡੇ ਤੱਕ ਬਦਲਵਾਂ ਰਾਹ ਬਣਾਉਣ ਸਬੰਧੀ ਮੀਟਿੰਗ ਹੋਈ। 


ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਸਕੱਤਰ ਵੀਕੇ ਜੰਜੂਆ ਤੇ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਸਣੇ ਵੱਡੀ ਗਿਣਤੀ ’ਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ’ਚ ਯੂਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਚੰਡੀਗੜ੍ਹ ਤੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਜਾਣ ਲਈ ਇੱਕੋ ਰਾਹ ਹੋ ਜੋ ਬਹੁਤ ਲੰਬਾ ਹੈ। 



ਚੰਡੀਗੜ੍ਹੀਆਂ ਨੂੰ ਜੰਕਸ਼ਨ 63 ਤੋਂ ਹਵਾਈ ਅੱਡੇ ਤੱਕ ਪਹੁੰਚਣ ਲਈ 11.5 ਕਿੱਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਇਸ ਲਈ ਯੂਟੀ ਪ੍ਰਸ਼ਾਸਨ ਸੈਕਟਰ-48 ਤੋਂ ਪਿੰਡ ਜਗਤਪੁਰਾ ਵਿੱਚੋਂ ਹੁੰਦਾ ਹੋਇਆ ਬਦਲਵਾਂ ਰਾਹ ਬਣਾਉਣ ਬਾਰੇ ਵਿਚਾਰ ਕਰ ਰਿਹਾ ਹੈ। ਇਸ ਨਾਲ 11.5 ਕਿੱਲੋਮੀਟਰ ਦਾ ਰਾਹ ਸਿਰਫ਼ 3.5 ਕਿੱਲੋਮੀਟਰ ’ਚ ਤੈਅ ਕੀਤਾ ਜਾਵੇਗਾ। ਪੰਜਾਬ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਦੇ ਅਧਿਕਾਰੀਆਂ ਨਾਲ ਵਿਚਾਰ-ਚਰਚਾ ਤੋਂ ਬਾਅਦ ਬਦਲਵਾਂ ਰਾਹ ਬਨਾਉਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਸ ਲਈ ਪੰਜਾਬ ਸਰਕਾਰ ਵੀ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਇਲਾਕੇ ’ਚ ਜ਼ਮੀਨ ਐਕੁਆਇਰ ਕਰੇਗੀ। 


ਹਾਸਲ ਜਾਣਕਾਰੀ ਅਨੁਸਾਰ ਨਵੇਂ ਰਾਹ ਲਈ ਕੁੱਲ 56 ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ, ਜਿਸ ਵਿੱਚੋਂ ਚੰਡੀਗੜ੍ਹ 42 ਏਕੜ ਤੇ ਪੰਜਾਬ 14 ਏਕੜ ਜ਼ਮੀਨ ਐਕੁਆਇਰ ਕਰੇਗਾ। ਇਸ ਲਈ ਪੰਜਾਬ ਨੂੰ ਮੁੱਖ ਤੌਰ ’ਤੇ ਜਗਤਪੁਰਾ ਤੇ ਖੰਡਾਲਾ ਦੀ ਜ਼ਮੀਨ ਐਕੁਆਇਰ ਕਰਨੀ ਪਵੇਗੀ। ਯੂਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਬਦਲਵਾਂ ਰੂਟ ਪੰਜਾਬ ਸਰਕਾਰ, ਰੱਖਿਆ ਮੰਤਰਾਲੇ, ਏਅਰਫੋਰਸ ਅਥਾਰਟੀ, ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ, ਰੇਲ ਮੰਤਰਾਲੇ ਸਣੇ ਵੱਖ-ਵੱਖ ਵਿਭਾਗਾਂ ਦੀ ਸਲਾਹ ਨਾਲ ਬਣਾਇਆ ਜਾ ਰਿਹਾ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨਵਾਂ ਰੂਟ ਵਿਕਾਸ ਮਾਰਗ (ਸੈਕਟਰ-43 ਆਈਐੱਸਬੀਟੀ ਤੋਂ ਆਉਣ ਵਾਲੇ) ਤੇ ਪੂਰਵ ਮਾਰਗ (ਟ੍ਰਿਬਿਊਨ ਚੌਕ ਤੋਂ ਆਉਣ ਵਾਲੇ) ਟੀ-ਪੁਆਇੰਟ ਤੋਂ 200 ਮੀਟਰ ਪਹਿਲਾਂ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਚੰਡੀਗੜ੍ਹੀਆਂ ਨੂੰ ਜੰਕਸ਼ਨ 63 ਤੋਂ ਹਵਾਈ ਅੱਡੇ ਤੱਕ ਪਹੁੰਚਣ ਲਈ 11.5 ਕਿੱਲੋਮੀਟਰ ਦਾ ਸਫਰ ਤੈਅ ਕਰਨਾ ਪੈਂਦਾ ਹੈ। ਨਵਾਂ ਰਾਹ ਬਨਣ ਤੋਂ ਇਹ ਰਾਹ ਸਿਰਫ਼ 3.5 ਕਿੱਲੋਮੀਟਰ ਰਹਿ ਜਾਵੇਗਾ। ਇਸ ਤੋਂ ਇਲਾਵਾ ਰੇਲਵੇ ਵੱਲੋਂ ਨਵੇਂ ਰੂਟ ਲਈ ਰੇਲਵੇ ਅੰਡਰ ਬ੍ਰਿਜ ਬਣਾਉਣ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ।