Chandigarh News: ਹਾਈ-ਟੈਕ ਚੋਰ ਗਿਰੋਹ ਅਕਸਰ ਹੀ ਲੋਕਾਂ ਨੂੰ ਨਵੇਂ-ਨਵੇਂ ਢੰਗਾਂ ਦੇ ਨਾਲ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਰਹਿੰਦੇ ਹਨ। ਇਸ ਵਾਰ ਇੱਕ ਸਖ਼ਸ਼ ਵਰਕ ਫਰਾਮ ਹੋਮ ਦੇ ਨਾਮ 'ਤੇ ਠੱਗੀ ਦਾ ਸ਼ਿਕਾਰ ਹੋ ਗਿਆ। ਕੋਵਿਡ ਤੋਂ ਬਾਅਦ Work From Home ਰਾਹੀਂ ਕੰਮ ਕਰਨ ਦਾ ਚਲਨ ਵੱਧ ਗਿਆ ਹੈ। ਜਿਸ ਕਰਕੇ ਕਾਫੀ ਲੋਕ ਆਫ਼ਿਸ ਜਾਣਾ ਪਸੰਦ ਕਰਦੇ ਨੇ ਤੇ ਕਈ ਘਰ ਤੋਂ ਹੀ ਕੰਮ ਕਰਨਾ ਪਸੰਦ ਕਰਦੇ ਹਨ। ਪਰ ਬਹੁਤ ਸਾਰੇ ਲੋਕ ਹੋਰ ਪੈਸਾ ਕਮਾਉਣ ਲਈ ਵੀ ਅਜਿਹੇ ਲਿੰਕ ਲੱਭਦੇ ਰਹਿੰਦੇ ਨੇ ਜਿਸ ਵਿੱਚ ਉਨ੍ਹਾਂ ਨੂੰ ਕੁਝ ਹੀ ਘੰਟਿਆਂ ਵਿੱਚ ਚੰਗੀ ਰਕਮ ਮਿਲ ਜਾਵੇ। ਪਰ ਜ਼ਿਆਦਾ ਲਾਲਚ ਹਮੇਸ਼ਾ ਨੁਕਸਾਨ ਹੀ ਕਰਦਾ ਹੈ।


ਵਰਕ ਫਰਾਮ ਹੋਮ ਦੇ ਨਾਂ ’ਤੇ ਬਟਰੇਲਾ ਨਿਵਾਸੀ ਮਨੋਜ ਕੁਮਾਰੀ ਨਾਲ 21 ਹਜ਼ਾਰ 458 ਰੁਪਏ ਦੀ ਠੱਗੀ ਹੋ ਗਈ। ਸਾਈਬਰ ਸੈੱਲ ਨੇ ਸ਼ਿਕਾਇਤ ਤੋਂ ਬਾਅਦ ਜਾਂਚ ਕਰ ਕੇ ਅਣਪਛਾਤੇ ਠੱਗਾਂ ਖਿਲਾਫ ਮਾਮਲਾ ਦਰਜ ਕੀਤਾ ਹੈ।


ਇੰਸਟਾਗ੍ਰਾਮ ’ਤੇ ਪੈਨਸਿਲ ਪੈਕਿੰਗ ਵਰਕ ਦਾ ਵੀਡੀਓ ਵੇਖ ਕੇ ਕਰ ਦਿੱਤਾ ਇਹ ਕੰਮ


ਮਨੋਜ ਕੁਮਾਰੀ ਨਾਮ ਦੀ ਇਸ ਮਹਿਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸਕੂਲ ਵਿਚ ਨੌਕਰੀ ਕਰਦੀ ਹੈ। 31 ਮਈ ਦੀ ਰਾਤ 8 ਵਜੇ ਉਹ ਇੰਸਟਾਗ੍ਰਾਮ ’ਤੇ ਪੈਨਸਿਲ ਪੈਕਿੰਗ ਵਰਕ ਦਾ ਵੀਡੀਓ ਵੇਖ ਰਹੀ ਸੀ। ਵੀਡੀਓ ਵਿਚ ਲਿਖਿਆ ਸੀ ਕਿ ਵਰਕ ਫਰਾਮ ਹੋਮ ਕਰ ਕੇ ਹਰ ਰੋਜ਼ ਤਿੰਨ ਤੋਂ ਚਾਰ ਹਜ਼ਾਰ ਰੁਪਏ ਕਮਾ ਸਕਦੇ ਹੋ।


ਇਸ ਤਰ੍ਹਾਂ ਕੀਤੀ ਠੱਗੀ


ਲਿੰਕ ’ਤੇ ਕਲਿੱਕ ਕਰਦਿਆਂ ਹੀ ਵ੍ਹਟਸਐਪ ਨੰਬਰ ਖੁੱਲ੍ਹ ਗਿਆ। ਇਸ ਤੋਂ ਬਾਅਦ ਆਧਾਰ ਕਾਰਡ ਦੀ ਫੋਟੋ ਅਤੇ ਸੈਲਫੀ ਮੰਗੀ, ਜੋ ਭੇਜ ਦਿੱਤੀ। ਇਸਤੋਂ ਬਾਅਦ whatsapp ’ਤੇ ਚੈਟ ਕਰਨ ਵਾਲਿਆਂ ਨੇ ਸਕੈਨਰ ਭੇਜ ਕੇ 620 ਰੁਪਏ ਮੰਗੇ, ਜੋ ਭੇਜ ਦਿੱਤੇ। ਇਸ ਮਹਿਲਾ ਨੇ ਉਹ ਵੀ ਦੇ ਦਿੱਤੇ। ਫਿਰ ਅੱਗੇ ਕਿਹਾ ਗਿਆ ਕਿ ਸਵੇਰੇ ਡਲਿਵਰੀ ਵਾਲਾ ਮੁੰਡਾ ਪੈਕਿੰਗ ਕਰਨ ਲਈ ਸਾਮਾਨ ਤੁਹਾਡੇ ਕੋਲ ਪਹੁੰਚਾ ਦੇਵੇਗਾ। ਇਸ ਤੋਂ ਪਹਿਲਾਂ ਤੁਸੀਂ ਸਾਨੂੰ 2599 ਰੁਪਏ ਭੇਜ ਦਿਓ। ਉਹ ਵੀ ਦੇ ਦਿੱਤੇ। ਇਸ ਤਰ੍ਹਾਂ ਕਰਦੇ-ਕਰਦੇ 7 ਕਿਸ਼ਤਾਂ ਵਿਚ 21458 ਰੁਪਏ ਲੈ ਕੇ ਸਾਮਾਨ ਨਹੀਂ ਦਿੱਤਾ। ਇਸ ਤੋਂ ਬਾਅਦ 7000 ਰੁਪਏ ਹੋਰ ਮੰਗਣ ਲੱਗੇ ਤਾਂ ਮਨ੍ਹਾ ਕਰ ਦਿੱਤਾ। ਠੱਗੀ ਦਾ ਅਹਿਸਾਸ ਹੋਣ ’ਤੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਅਣਪਛਾਤੇ ਠੱਗਾਂ ਖਿਲਾਫ ਮਾਮਲਾ ਦਰਜ ਕੀਤਾ ਹੈ।