Chandigarh News: ਜੰਗਲ ਵਿੱਚ ਬਾਹਰ ਆ ਤੇਂਦੂਏ ਦਹਿਸ਼ਤ ਮਚਾਉਣ ਲੱਗੇ ਹਨ। ਪੰਚਕੂਲਾ ਜ਼ਿਲ੍ਹੇ ਦੇ ਪਿੰਡ ਟਿੱਪਰਾ ਕੰਗੂਵਾਲਾ ਵਿੱਚ ਤੇਂਦੂਏ ਛੇ ਬੱਕਰੀਆਂ ਨੂੰ ਮਾਰ ਗਏ। ਜੰਗਲੀ ਜੀਵ ਸੁਰੱਖਿਆਂ ਵਿਭਾਗ ਦੀ ਟੀਮ ਨੇ ਬੱਕਰੀਆਂ ਦੇ ਪਿੰਜਰ ਵੇਖ ਕੇ ਦੱਸਿਆ ਕਿ ਇਹ ਬੱਕਰੀਆਂ ਤੇਂਦੂਏ ਦੀਆਂ ਸ਼ਿਕਾਰ ਹੋਈਆਂ ਹਨ। ਉੱਥੇ ਹੀ ਪਿੰਡ ਦੇ ਲੋਕਾਂ ਨੇ ਤਿੰਨ ਤੇਂਦੂਏ ਘੁੰਮਦੇ ਦੇਖੇ ਹਨ।
ਪਿੰਡ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਛੇ ਬੱਕਰੀਆਂ ਕਈ ਦਿਨਾਂ ਤੋਂ ਗੁੰਮ ਸਨ। ਬੱਕਰੀਆਂ ਗੁੰਮ ਹੋਣ ਦੀ ਸੂਚਨਾ ਇਲਾਕੇ ਦੇ ਕੌਂਸਲਰ ਮਹੇਸ਼ ਸ਼ਰਮਾ ਨੂੰ ਦਿੱਤੀ ਗਈ। ਫਿਰ ਕੁਸ਼ੱਲਿਆ ਨਦੀ ਤੋਂ ਪਾਰ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਇੰਸਪੈਕਟਰ ਸੁਰਜੀਤ ਸਿੰਘ ਨੇ ਜੰਗਲ ਵਿੱਚ ਆਪਣੀ ਟੀਮ ਭੇਜੀ ਤੇ ਥੋੜ੍ਹੀ ਦੂਰ ਬਾਅਦ ਇਨ੍ਹਾਂ ਬੱਕਰੀਆਂ ਦੇ ਪਿੰਜਰ ਮਿਲੇ।
ਪਿੰਡ ਟਿੱਪਰਾ ਕੰਗੂਵਾਲਾ ਦੇ ਲੋਕਾਂ ਅਨੁਸਾਰ ਉਨ੍ਹਾਂ ਨੇ ਪਿੰਡ ਦੇ ਆਸ-ਪਾਸ ਜੰਗਲ ਵਿੱਚ ਤਿੰਨ ਤੇਂਦੂਏ ਘੁੰਮਦੇ ਵੇਖੇ ਹਨ ਤੇ ਜਿਨ੍ਹਾਂ ਦੀਆਂ ਦਹਾੜਾਂ ਪਿੰਡ ਵਾਸੀਆਂ ਨੇ ਸੁਣੀਆਂ ਹਨ। ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਇੰਸਪੈਕਟਰ ਅਨੁਸਾਰ ਇਲਾਕੇ ਦੇ ਲੋਕ ਜੰਗਲਾਂ ਵਿੱਚ ਆਪਣੇ ਪਸ਼ੂ ਨਾ ਲੈ ਕੇ ਜਾਣ।
ਉਨ੍ਹਾਂ ਦੱਸਿਆ ਕਿ ਜੰਗਲ ਵਿੱਚ ਜੇਕਰ ਕਿਸੇ ਪਸ਼ੂ ਨਾਲ ਹਾਦਸਾ ਹੁੰਦਾ ਤਾਂ ਉਸ ਬਾਰੇ ਮੁਆਵਜ਼ਾ ਦੇਣ ਦਾ ਕੋਈ ਨਿਯਮ ਨਹੀਂ। ਮੁਆਵਜ਼ਾ ਉਨ੍ਹਾਂ ਪਸ਼ੂ ਪਾਲਕਾ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਦੇ ਪਸ਼ੂ ਘਰ ਦੇ ਬਾੜੇ ਵਿੱਚ ਹੁੰਦੇ ਹਨ ਤੇ ਅਚਾਨਕ ਕਿਸੇ ਜੰਗਲੀ ਜੀਵ ਦਾ ਸ਼ਿਕਾਰ ਹੋ ਜਾਂਦੇ ਹਨ। ਘਣੇ ਜੰਗਲ ਵਿੱਚ ਮਰੇ ਪਸ਼ੂ ਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ।