Chandigarh News: ਚੰਡੀਗੜ੍ਹ ਦੇ ਲੋਕਾਂ ਦਾ ਸਾਈਕਲਿੰਗ ਵੱਲ ਰੁਝਾਨ ਵਧ ਰਿਹਾ ਹੈ। ਇਸ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਚੰਡੀਗੜ੍ਹ ਵਿੱਚ ਸ਼ੁਰੂ ਕੀਤੇ ਸਾਈਕਲ ਸ਼ੇਅਰਿੰਗ ਪ੍ਰਾਜੈਕਟ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਇਸ ਪ੍ਰਾਜੈਕਟ ਅਧੀਨ ਹੁਣ ਤੱਕ 8.7 ਲੱਖ ਲੋਕ 35 ਲੱਖ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰ ਚੁੱਕੇ ਹਨ। ਇਸ ਤੋਂ ਉਤਸ਼ਾਹਿਤ ਹੋ ਕੇ ਚੰਡੀਗੜ੍ਹ ਪ੍ਰਸਾਸ਼ਨ ਨੇ 1250 ਹੋਰ ਸਾਈਕਲਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।


ਦੱਸ ਦਈਏ ਕਿ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਲੋਕਾਂ ਨੂੰ ਤੰਦਰੁਸਤ ਰੱਖਣ ਤੇ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਮਕਸਦ ਤਹਿਤ ਚੰਡੀਗੜ੍ਹ ਸਮਾਰਟ ਸਿਟੀ ਵੱਲੋਂ ਸ਼ੁਰੂ ਕੀਤੇ ਗਏ ਸਾਈਕਲ ਸ਼ੇਅਰਿੰਗ ਪ੍ਰਾਜੈਕਟ ਨੂੰ ਜ਼ੋਰ-ਸ਼ੋਰ ਨਾਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪ੍ਰਾਜੈਕਟ ਦੇ ਫੇਜ਼-4 ’ਚ ਅਗਲੇ ਮਹੀਨੇ ਸ਼ਹਿਰ ਵਿੱਚ 1250 ਨਵੀਆਂ ਸਾਈਕਲਾਂ ਹੋਰ ਸ਼ੁਰੂ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਸ਼ਹਿਰ ਵਿੱਚ ਸਾਈਕਲਾਂ ਖੜ੍ਹਾਉਣ ਲਈ 152 ਨਵੇਂ ਡੌਕਿੰਗ ਸਟੇਸ਼ਨ ਬਣਾਏ ਜਾਣਗੇ। 


ਹਾਸਲ ਜਾਣਕਾਰੀ ਮੁਤਾਬਕ ਇਨ੍ਹਾਂ ਸਾਈਕਲਾਂ ਦੀ ਆਮਦ ਨਾਲ ਸ਼ਹਿਰ ਵਿੱਚ ਸਾਈਕਲਾਂ ਦੀ ਗਿਣਤੀ ਪੰਜ ਹਜ਼ਾਰ ਹੋ ਜਾਵੇਗੀ ਤੇ ਡਾਕਿੰਗ ਸਟੇਸ਼ਨਾਂ ਦੀ ਗਿਣਤੀ 617 ’ਤੇ ਪਹੁੰਚ ਜਾਵੇਗੀ। ਸਾਈਕਲ ਸ਼ੇਅਰਿੰਗ ਪ੍ਰਾਜੈਕਟ ਦੇ ਫੇਜ਼-4 ਤਹਿਤ 1250 ਸਾਈਕਲਾਂ ਤੇ 152 ਡੌਕਿੰਗ ਸਟੇਸ਼ਨ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਪਹੁੰਚਦੇ ਕੀਤੇ ਜਾਣੇ ਸੀ। ਇਸ ਨੂੰ ਸਪਲਾਈ ਕਰਨ ’ਚ ਹੋ ਰਹੀ ਦੇਰੀ ਕਰਕੇ ਕੰਪਨੀ ਵੱਲੋਂ ਕੁਝ ਦਿਨਾਂ ਦਾ ਸਮਾਂ ਮੰਗਿਆ ਗਿਆ ਹੈ, ਜਿਸ ਬਾਰੇ ਚੰਡੀਗੜ੍ਹ ਸਮਾਰਟ ਸਿਟੀ ਦੇ ਬੋਰਡ ਆਫ ਡਾਇਰੈਕਟਰ ਵੱਲੋਂ ਵਿਚਾਰ ਕੀਤਾ ਜਾਵੇਗਾ।


ਇਸ ਬਾਰੇ ਨਗਰ ਨਿਗਮ ਦੀ ਕਮਿਸ਼ਨਰ ਅਨੰਦਿਤਾ ਮਿੱਤਰਾ ਨੇ ਕਿਹਾ ਕਿ ਕੰਪਨੀ ਵੱਲੋਂ ਕੁਝ ਦਿਨਾਂ ਦਾ ਸਮਾਂ ਮੰਗਿਆ ਗਿਆ ਹੈ, ਜਿਸ ਬਾਰੇ ਬੋਰਡ ਵੱਲੋਂ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੁਲਾਈ ਮਹੀਨੇ ’ਚ 1250 ਸਾਈਕਲਾਂ ਤੇ 152 ਡੌਕਿੰਗ ਸਟੇਸ਼ਨ ਸ਼ੁਰੂ ਕਰ ਦਿੱਤੇ ਜਾਣਗੇ। ਸਾਈਕਲ ਸ਼ੇਅਰਿੰਗ ਪ੍ਰਾਜੈਕਟ ਤਹਿਤ ਨਵੇਂ ਸਾਈਕਲਾਂ ਨੂੰ ਸ਼ਾਮਲ ਹੋਣ ਤੋਂ ਬਾਅਦ ਸ਼ਹਿਰ ਵਿੱਚ ਸਾਈਕਲਾਂ ਦੀ ਗਿਣਤੀ ਪੰਜ ਹਜ਼ਾਰ ਹੋ ਜਾਵੇਗੀ।


ਹਾਸਲ ਜਾਣਕਾਰੀ ਅਨੁਸਾਰ ਸਾਈਕਲ ਸ਼ੇਅਰਿੰਗ ਪ੍ਰਾਜੈਕਟ ਨੂੰ ਜੂਨ 2021 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰਾਜੈਕਟ ਅਧੀਨ ਹੁਣ ਤੱਕ 8.7 ਲੱਖ ਲੋਕ 35 ਲੱਖ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰ ਚੁੱਕੇ ਹਨ। ਸਾਈਕਲਾਂ ਦੀ ਵਰਤੋਂ 20 ਫ਼ੀਸਦ ਔਰਤਾਂ ਤੇ 80 ਫ਼ੀਸਦ ਪੁਰਸ਼ਾਂ ਵੱਲੋਂ ਕੀਤੀ ਗਈ ਹੈ। ਇਨ੍ਹਾਂ ਹੀ ਨਹੀਂ ਕੁੱਲ ਸਾਈਕਲ ਚਲਾਉਣ ਵਿੱਚੋਂ 55 ਫ਼ੀਸਦ ਸਾਈਕਲ 20 ਤੋਂ 30 ਸਾਲ ਦੇ ਵਿਚਕਾਰ ਦੇ ਨੌਜਵਾਨ ਚਲਾ ਰਹੇ ਹਨ। ਇਸ ਤਰ੍ਹਾਂ ਚੰਡੀਗੜ੍ਹ ਵਿੱਚ ਤਿੰਨ ਲੱਖ ਲੀਟਰ ਤੇਲ ਦੀ ਬੱਚਤ ਕੀਤੀ ਗਈ ਹੈ, ਜਿਸ ਨਾਲ ਪ੍ਰਦੂਸ਼ਣ ਤੇ ਢਾਈ ਕਰੋੜ ਰੁਪਏ ਦੀ ਬੱਚਤ ਕੀਤੀ ਗਈ ਹੈ।



ਦੱਸ ਦਈਏ ਹੈ ਕਿ ਸਾਈਕਲ ਸ਼ੇਅਰਿੰਗ ਪ੍ਰਾਜੈਕਟ ਜੂਨ 2021 ’ਚ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰਾਜੈਕਟ ਦੇ ਪਹਿਲੇ ਫੇਜ਼ ’ਚ 1250 ਸਾਈਕਲਾਂ ਤੇ 155 ਡਾਕਿੰਗ ਸਟੇਸ਼ਨ ਬਣਾਏ ਗਏ ਸਨ। ਫਰਵਰੀ 2022 ’ਚ ਦੂਜੇ ਫੇਜ਼ ਤੋਂ ਬਾਅਦ ਸਾਈਕਲਾਂ ਦੀ ਗਿਣਤੀ 2500 ਹੋ ਗਈ ਅਤੇ ਡੌਕਿੰਗ ਸਟੇਸ਼ਨ 310 ਹੋ ਗਏ। ਇਸੇ ਤਰ੍ਹਾਂ ਜਨਵਰੀ 2023 ’ਚ ਤੀਜ਼ੇ ਫੇਜ਼ ਤੋਂ ਬਾਅਦ ਸ਼ਹਿਰ ਵਿੱਚ ਸਾਈਕਲਾਂ ਦੀ ਗਿਣਤੀ 3750 ਹੋ ਗਈ ਅਤੇ ਡੌਕਿੰਗ ਸਟੇਸ਼ਨ 465 ਬਣ ਗਏ ਸਨ