ਚੰਡੀਗੜ੍ਹ ਦੇ ਧਨਾਸ ਸਥਿਤ ਪੁਲਿਸ ਕੰਪਲੈਕਸ ਵਿੱਚ ਸੋਮਵਾਰ ਨੂੰ ਦੋ ਕਾਂਸਟੇਬਲਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਹਲਕੀ ਜਹੀ ਤਕਰਾਰ ਹੋਈ, ਜੋ ਕੁਝ ਹੀ ਵੇਲੇ ਵਿੱਚ ਕੁੱਟਮਾਰ ਵਿੱਚ ਤਬਦੀਲ ਹੋ ਗਈ। ਇਸ ਦੌਰਾਨ ਇੱਕ ਕਾਂਸਟੇਬਲ ਘਰ ਤੋਂ ਛੁਰੀ ਲੈ ਆਇਆ ਅਤੇ ਦੂਜੇ ‘ਤੇ ਵਾਰ ਕਰ ਦਿੱਤਾ। ਛੁਰੀ ਕਾਂਸਟੇਬਲ ਦੇ ਹੱਥ ‘ਚ ਲੱਗੀ, ਜਿਸ ਨਾਲ ਖੂਨ ਵਗਣ ਲੱਗ ਪਿਆ। ਇਸੇ ਸਮੇਂ ਜਖ਼ਮੀ ਪੁਲਿਸ ਕਰਮਚਾਰੀ ਦੀ ਕਾਂਸਟੇਬਲ ਭੈਣ ਵੀ ਵਿਚਕਾਰ ਆ ਗਈ। ਉਸਨੇ ਆਰੋਪੀ ਦਾ ਕਾਲਰ ਫੜ ਕੇ ਉਸ ਨਾਲ ਭਿੜ ਗਈ ਅਤੇ ਛੁਰੀ ਖੋ ਲਈ।
ਲੋਕ ਬਣਾਉਂਦੇ ਰਹੇ ਵੀਡੀਓ
ਖਾਸ ਗੱਲ ਇਹ ਰਹੀ ਕਿ ਪੁਲਿਸ ਕੰਪਲੈਕਸ ਵਿੱਚ ਇਹ ਘਟਨਾ ਹੋ ਰਹੀ ਸੀ ਅਤੇ ਉੱਥੇ ਕਾਫੀ ਲੋਕ ਮੌਜੂਦ ਸਨ, ਜੋ ਵੀਡੀਓ ਤਾਂ ਬਣਾਉਂਦੇ ਰਹੇ ਪਰ ਕਿਸੇ ਨੇ ਵਿਚਕਾਰ ਆ ਕੇ ਰੋਕਣਾ ਜ਼ਰੂਰੀ ਨਹੀਂ ਸਮਝਿਆ। ਬਾਅਦ ਵਿਚ ਸੂਚਨਾ ਮਿਲਣ ‘ਤੇ ਪੁਲਿਸ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਦੋਵੇਂ ਕਾਂਸਟੇਬਲਾਂ ਨੂੰ ਥਾਣੇ ਲੈ ਜਾ ਕੇ ਪੁੱਛਗਿੱਛ ਕੀਤੀ। ਸ਼ਾਮ ਦੇ ਵੇਲੇ ਛੁਰੀ ਮਾਰਨ ਵਾਲੇ ਕਾਂਸਟੇਬਲ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।
ਜਾਣਕਾਰੀ ਮੁਤਾਬਕ ਸੋਮਵਾਰ ਨੂੰ ਧਨਾਸ ਸਥਿਤ ਪੁਲਿਸ ਕਾਮਪਲੈਕਸ ਵਿੱਚ ਕਿਸੇ ਗੱਲ ਨੂੰ ਲੈ ਕੇ ਕਾਂਸਟੇਬਲ ਅਮਿਤ ਅਤੇ ਸੁਭਾਸ਼ ਵਿਚਕਾਰ ਤੂੰ-ਤੂੰ-ਮੈਂ-ਮੈਂ ਹੋ ਗਈ। ਗੱਲ ਵਧਦੀ ਗਈ ਤੇ ਕੁਝ ਹੀ ਸਮੇਂ ‘ਚ ਇਹ ਤਕਰਾਰ ਹੱਥਾਪਾਈ ਵਿੱਚ ਤਬਦੀਲ ਹੋ ਗਈ। ਦੋਵੇਂ ਇੱਕ–ਦੂਜੇ ਨਾਲ ਕੁੱਟਮਾਰ ਕਰਨ ਲੱਗ ਪਏ, ਜਿਸ ਕਾਰਨ ਉੱਥੇ ਮੌਜੂਦ ਲੋਕਾਂ ਵਿੱਚ ਹੜਕੰਪ ਮਚ ਗਿਆ।
ਝਗੜੇ ਨੂੰ ਵੇਖ ਕੇ ਸੁਭਾਸ਼ ਦੀ ਭੈਣ, ਮਹਿਲਾ ਕਾਂਸਟੇਬਲ ਨੇਹਾ, ਆਪਣੇ ਭਰਾ ਨੂੰ ਬਚਾਉਣ ਲਈ ਦੌੜੀ। ਉਹ ਪੁਲਿਸ ਦੀ ਵਰਦੀ ਪਹਿਨਕੇ ਹੀ ਮੌਕੇ ‘ਤੇ ਪਹੁੰਚੀ ਅਤੇ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਕਾਂਸਟੇਬਲ ਲੜਦੇ ਰਹੇ। ਇਸੀ ਦੌਰਾਨ ਅਮਿਤ ਨੇ ਸੁਭਾਸ਼ ‘ਤੇ ਛੁਰੀ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ।
ਇੰਝ ਭੈਣ ਨੇ ਬਚਾਈ ਭਰਾ ਦੀ ਜਾਨ
ਭਰਾ ਨੂੰ ਜ਼ਖ਼ਮੀ ਹੁੰਦਾ ਦੇਖ ਮਹਿਲਾ ਕਾਂਸਟੇਬਲ ਨੇਹਾ ਵੀ ਗੁੱਸੇ ਵਿੱਚ ਆ ਗਈ। ਉਸਨੇ ਤੁਰੰਤ ਆਰੋਪੀ ਅਮਿਤ ਦਾ ਕਾਲਰ ਫੜ ਲਿਆ ਅਤੇ ਉਸਨੂੰ ਪਿੱਛੇ ਧੱਕ ਕੇ ਹਟਾਇਆ। ਨੇਹਾ ਨੇ ਉਸਦੇ ਹੱਥੋਂ ਛੁਰੀ ਵੀ ਖੋ ਲਈ। ਇਸ ਤੋਂ ਬਾਅਦ ਉੱਥੇ ਪੁਲਿਸ ਪਹੁੰਚੀ ਅਤੇ ਮਾਮਲਾ ਸ਼ਾਂਤ ਹੋਇਆ। ਜਖ਼ਮੀ ਸੁਭਾਸ਼ ਨੂੰ ਫਿਰ ਸੈਕਟਰ–16 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਜਦੋਂ ਅਮਿਤ ਅਤੇ ਸੁਭਾਸ਼ ਵਿਚਕਾਰ ਝਗੜਾ ਹੋ ਰਿਹਾ ਸੀ, ਉਸ ਵੇਲੇ ਪੁਲਿਸ ਕਾਮਪਲੈਕਸ ਵਿੱਚ ਰਹਿਣ ਵਾਲੇ ਹੋਰ ਕਈ ਪੁਲਿਸ ਕਰਮਚਾਰੀ ਵੀ ਮੌਜੂਦ ਸਨ। ਪਰ ਕਿਸੇ ਨੇ ਵੀ ਵਿਚਕਾਰ ਆ ਕੇ ਝਗੜਾ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਉਲਟ, ਝਗੜਾ ਦੇਖ ਰਹੇ ਕਈ ਲੋਕ ਆਪਣੇ ਮੋਬਾਈਲ ਫੋਨਾਂ ਨਾਲ ਖੜ੍ਹੇ ਹੋ ਕੇ ਵੀਡੀਓ ਬਣਾਉਂਦੇ ਰਹੇ।
DSP ਸੈਂਟਰਲ ਦਲਬੀਰ ਸਿੰਘ ਦੇ ਮੁਤਾਬਕ ਕਾਂਸਟੇਬਲ ਅਮਿਤ ਸੈਕਟਰ–26 ਪੁਲਿਸ ਲਾਈਨ ਵਿੱਚ ਤੈਨਾਤ ਹੈ, ਜਦਕਿ ਜ਼ਖ਼ਮੀ ਕਾਂਸਟੇਬਲ ਸੁਭਾਸ਼ ਜ਼ਿਲ੍ਹਾ ਅਦਾਲਤ ਵਿੱਚ ਡਿਊਟੀ ਕਰਦਾ ਹੈ। ਸੁਭਾਸ਼ ਦੀ ਭੈਣ ਨੇਹਾ ਪੁਲਿਸ ਸਟੇਸ਼ਨ 34 ਵਿੱਚ ਤੈਨਾਤ ਹੈ। ਦੱਸਿਆ ਗਿਆ ਕਿ ਥਾਣਾ ਸਾਰੰਗਪੁਰ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਰੋਪੀ ਕਾਂਸਟੇਬਲ ਅਮਿਤ ਕੁਮਾਰ ਖ਼ਿਲਾਫ਼ ਰਿਪੋਰਟ ਦਰਜ ਕਰ ਲਈ ਗਈ ਹੈ।