chandigarh police holi: ਹੋਲੀ ਦੇ ਤਿਉਹਰ ਮੌਕੇ ਜਿੱਥੇ ਲੋਕ ਜਸ਼ਨ ਮਨਾ ਰਹੇ; ਹਨ ਤਾਂ ਪੁਲਿਸ ਹੁੱਲੜਬਾਜ਼ਾ ਖਿਲਾਫ਼ ਸਖਤੀ ਵੀ ਕਰ ਰਹੀ ਹੈ। ਮੋਹਾਲੀ ਦੇ ਸੋਹਾਨਾ ਵਿੱਚ ਪੁਲਿਸ ਨੇ 6 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜੋ ਇਲਾਕੇ ਵਿੱਚ ਸੁਆਹ ਇੱਕ ਦੂਸਰੇ ਅਤੇ ਆਉਂਦੇ ਜਾਂਦੇ 'ਤੇ ਸੁੱਟ ਰਹੇ ਹਨ। ਹਲਾਂਕਿ ਬਾਕੀ ਇਹਨਾਂ ਦੇ ਸਾਥੀ ਮੌਕੇ ਤੋਂ ਫਰਾਰ ਹੋ ਗਏ। ਸਿਰਫ਼ ਮੁਹਾਲੀ ਹੀ ਨਹੀਂ ਪੂਰੀ ਟ੍ਰਾਈਸਿਟੀ ਵਿੱਚ ਸਖ਼ਤ ਇੰਤਜਾਮ ਹਨ। ਚੰਡੀਗੜ੍ਹ 'ਚ ਪੁਲਿਸ ਨੇ ਵੀ ਹੁੱਲੜਬਾਜ਼ਾ ਨੂੰ ਕਾਬੂ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਹਨ। ਪੰਜਾਬ ਯੂਨੀਵਰਸਿਟੀ, ਐਮਸੀਐਮ ਕਾਲਜ, ਏਲਾਂਤੇ ਮਾਲ, ਸੁਖਨਾ ਝੀਲ ਅਤੇ ਪੰਚਕੂਲਾ ਮੁਹਾਲੀ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹੋਰ ਸਖ਼ਤੀ ਕੀਤੀ ਗਈ ਹੈ। ਅੱਜ ਚੰਡੀਗੜ੍ਹ ਵਿੱਚ 120 ਥਾਵਾਂ ’ਤੇ ਨਾਕੇ ਲਾਏ ਜਾ ਰਹੇ ਹਨ। ਸ਼ਰਾਬ ਪੀ ਕੇ ਡਰਾਈਵਿੰਗ ਨੂੰ ਰੋਕਣ ਲਈ ਵਿਸ਼ੇਸ਼ ਡਰਿੰਕ ਅਤੇ ਡਰਾਈਵ ਨਾਕੇ ਲਗਾਏ ਗਏ ਹਨ। ਬਾਜ਼ਾਰਾਂ ਵਿੱਚ ਪੀਸੀਆਰ ਗਸ਼ਤ ਵੀ ਵਧਾ ਦਿੱਤੀ ਗਈ ਹੈ। ਸੜਕਾਂ 'ਤੇ ਹੁੱਲੜਬਾਜ਼ਾ ਨੂੰ ਕਾਬੂ ਕਰਨ ਲਈ 1000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਥਾਣਿਆਂ ਦੇ ਐਸਐਚਓਜ਼ ਅਤੇ ਡੀਐਸਪੀਜ਼ ਨੂੰ ਵੀ ਫੀਲਡ ਵਿੱਚ ਤਾਇਨਾਤ ਕੀਤਾ ਗਿਆ ਹੈ। 112 ਕੰਟਰੋਲ ਰੂਮ 'ਤੇ ਸ਼ਿਕਾਇਤ ਮਿਲਦੇ ਹੀ ਪੁਲਿਸ ਕਾਰਵਾਈ ਕਰ ਰਹੀ ਹੈ।
ਪੁਲਿਸ ਨੇ ਔਰਤਾਂ ਨਾਲ ਛੇੜਛਾੜ ਰੋਕਣ ਲਈ ਵੀ ਸਖ਼ਤ ਪ੍ਰਬੰਧ ਕੀਤੇ ਹਨ। ਪੁਲੀਸ ਮੁਲਾਜ਼ਮਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਹੋਲੀ ਦੌਰਾਨ ਜਾਂ ਰੰਗ ਲਾਉਣ ਦੇ ਬਹਾਨੇ ਕਿਸੇ ਵੀ ਔਰਤ ਨਾਲ ਛੇੜਛਾੜ ਨਾ ਹੋਵੇ, ਇਸ ਲਈ ਮਹਿਲਾ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ। ਔਰਤਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮਹਿਲਾ ਕਾਲਜਾਂ, ਯੂਨੀਵਰਸਿਟੀਆਂ ਅਤੇ ਮਾਲਜ਼ ਦੇ ਆਲੇ-ਦੁਆਲੇ ਵਿਸ਼ੇਸ਼ ਨਾਕੇ ਲਗਾਏ ਗਏ ਹਨ।
ਪੁਲੀਸ ਵਿਸ਼ੇਸ਼ ਤੌਰ ’ਤੇ ਕਲੋਨੀਆਂ ’ਤੇ ਨਜ਼ਰ ਰੱਖ ਰਹੀ ਹੈ। ਇਸ ਸਬੰਧੀ ਮਲੋਆ, ਰਾਮ ਦਰਬਾਰ, ਵਿਕਾਸ ਨਗਰ, ਅੰਬੇਡਕਰ ਕਲੋਨੀ, ਸੈਕਟਰ 25 ਕਲੋਨੀ, ਬਾਪੂਧਾਮ ਆਦਿ ਥਾਵਾਂ ’ਤੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਿਸੇ ਵੀ ਐਮਰਜੈਂਸੀ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਇਸ ਵਿੱਚ ਤੁਸੀਂ ਪੁਲਿਸ ਅਤੇ ਫਾਇਰ ਬ੍ਰਿਗੇਡ ਲਈ 112, ਸਿਹਤ ਵਿਭਾਗ ਲਈ -, ਪੀਜੀਆਈ ਦੇ ਐਡਵਾਂਸਡ ਆਈ ਸੈਂਟਰ ਲਈ 0172-2755252, ਬਾਲ ਐਮਰਜੈਂਸੀ ਲਈ 0172-2755607 ਅਤੇ ਮੁੱਖ ਐਮਰਜੈਂਸੀ ਲਈ 0172-2755656 'ਤੇ ਸੰਪਰਕ ਕਰ ਸਕਦੇ ਹੋ।