ਚੰਡੀਗੜ੍ਹ(ਜਗਵਿੰਦਰ ਪਟਿਆਲ): ਚੰਡੀਗੜ੍ਹ ਪੁਲਿਸ ਦੇ ਐਸਐਸਪੀ ਕੁਲਦੀਪ ਚਾਹਲ ਨੂੰ ਹਟਾਉਣ ਨੂੰ ਲੈ ਕੇ ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਵਿਚਾਲੇ ਕੁਝ ਤਲਖੀ ਵਧ ਗਈ ਹੈ। ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਰੋਸ ਪੱਤਰ ਲਿਖਿਆ ਹੈ।


ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਹੈ ਕਿ ਜੇ ਐਸਐਸਪੀ ਕੁਲਦੀਪ ਚਾਹਲ ਨੂੰ ਹਟਾਉਣਾ ਸੀ ਤਾਂ ਪਹਿਲਾਂ ਪੰਜਾਬ ਸਰਕਾਰ ਤੋਂ ਪੈਨਲ ਦੀ ਮੰਗ ਕੀਤੀ ਜਾਣੀ ਚਾਹੀਦੀ ਸੀ। ਚੰਡੀਗੜ੍ਹ ਐਸਐਸਪੀ ਦਾ ਅਹੁਦਾ ਪੰਜਾਬ ਦੇ ਆਈਪੀਐਸ ਲਈ ਰਾਖਵਾਂ ਹੈ। ਪੰਜਾਬ ਇੱਕ ਨਵਾਂ ਪੈਨਲ ਭੇਜੇਗਾ ਅਤੇ ਫਿਰ ਐਸਐਸਪੀ ਦੀ ਬਦਲੀ ਕਰੇਗਾ।


ਦੱਸ ਦਈਏ ਕਿ IPS ਕੁਲਦੀਪ ਚਾਹਲ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਮੰਗਲਵਾਰ ਦੁਪਹਿਰ ਨੂੰ ਅਚਾਨਕ ਰਾਹਤ ਦੇ ਦਿੱਤੀ ਹੈ। ਚਹਿਲ 2009 ਬੈਚ ਦੇ ਅਧਿਕਾਰੀ ਹਨ ਤੇ ਐਸਐਸਪੀ ਚਾਹਲ ਦਾ ਕਾਰਜਕਾਲ ਅਕਤੂਬਰ 2023 ਤੱਕ ਸੀ। ਉਹ ਤਿੰਨ ਸਾਲਾਂ ਤੋਂ ਡੈਪੂਟੇਸ਼ਨ 'ਤੇ ਸਨ।


ਜ਼ਿਕਰ ਕਰ ਦਈਏ ਕਿ ਚੰਡੀਗੜ੍ਹ ਦੇ ਐਸਐਸਪੀ ਦੀ ਨਿਯੁਕਤੀ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਕੀਤੀ ਜਾਂਦੀ ਹੈ। 1990 ਤੋਂ ਬਾਅਦ ਪਹਿਲੀ ਵਾਰ ਪ੍ਰਸ਼ਾਸਨ ਨੇ ਐਸਐਸਪੀ ਨੂੰ ਇਸ ਤਰ੍ਹਾਂ ਅਚਾਨਕ ਹਟਾਇਆ ਹੈ।


ਚੰਡੀਗੜ੍ਹ ਪੁਲਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਇੱਕ-ਇੱਕ ਆਈਪੀਐਸ ਅਧਿਕਾਰੀ ਡੈਪੂਟੇਸ਼ਨ ’ਤੇ ਆਉਂਦੇ ਹਨ ਜਦੋਂਕਿ 6 ਆਈਪੀਐਸ ਯੂਟੀ ਕੇਡਰ ਵਿੱਚੋਂ ਤਾਇਨਾਤ ਹਨ। ਪਹਿਲਾਂ ਯੂਟੀ ਕੇਡਰ ਦੇ ਅਧਿਕਾਰੀਆਂ ਦੀ ਗਿਣਤੀ ਦੋ ਜਾਂ ਤਿੰਨ ਹੁੰਦੀ ਸੀ, ਜੋ ਹੁਣ ਵੱਧ ਕੇ ਛੇ ਹੋ ਗਈ ਹੈ। 


ਇੱਥੇ ਸਵਾਲ ਇਹ ਵੀ ਹੈ ਕਿ ਕੀ ਪ੍ਰਸ਼ਾਸਨ ਐਸਐਸਪੀ ਚੰਡੀਗੜ੍ਹ ਦੇ ਅਹੁਦੇ ’ਤੇ ਪੰਜਾਬ ਦੀ ਬਜਾਏ ਯੂਟੀ ਕੇਡਰ ਦੇ ਅਧਿਕਾਰੀ ਨੂੰ ਤਾਇਨਾਤ ਕਰਨਾ ਚਾਹੁੰਦਾ ਹੈ? 


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


1990 ਤੋਂ ਪਹਿਲਾਂ ਇਸ ਅਹੁਦੇ ’ਤੇ ਯੂਟੀ ਕੇਡਰ ਦਾ ਅਧਿਕਾਰੀ ਤਾਇਨਾਤ ਸੀ ਪਰ ਪੰਜਾਬ ਵਿੱਚ ਅਤਿਵਾਦ ਦੇ ਦੌਰ ਦੌਰਾਨ ਐਸਐਸਪੀ ਚੰਡੀਗੜ੍ਹ ਦਾ ਅਹੁਦਾ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀ ਲਈ ਰਾਖਵਾਂ ਸੀ।