Chandigarh News: ਚੰਡੀਗੜ੍ਹ ਨਗਰ ਨਿਗਮ ਨੇ ਸਰਵੋਤਮ ਸ਼ਹਿਰੀ ਸਥਾਨਕ ਸੰਸਥਾ ਲਈ ‘ਨੈਸ਼ਨਲ ਵਾਟਰ ਐਵਾਰਡ-2022’ ਹਾਸਲ ਕੀਤਾ ਹੈ। ਨਵੀਂ ਦਿੱਲੀ ਵਿੱਚ ਹੋਏ ਇੱਕ ਸਮਾਗਮ ਦੌਰਾਨ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਇਸ ਐਵਾਰਡ ਵਜੋਂ ਇੱਕ ਪ੍ਰਸ਼ੰਸਾ ਪੱਤਰ, ਟਰਾਫੀ ਤੇ ਦੋ ਲੱਖ ਰੁਪਏ ਦਾ ਨਕਦ ਇਨਾਮ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਅਨੂਪ ਗੁਪਤਾ ਤੇ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੂੰ ਪ੍ਰਦਾਨ ਕੀਤਾ। ਇਹ ਸਮਾਗਮ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦੇ ਜਲ ਸਰੋਤ, ਨਦੀ ਵਿਕਾਸ ਤੇ ਗੰਗਾ ਪੁਨਰਜੀਵਨ ਵਿਭਾਗ ਵੱਲੋਂ ਕਰਵਾਇਆ ਗਿਆ ਸੀ। 


‘ਨੈਸ਼ਨਲ ਵਾਟਰ ਐਵਾਰਡ-2022’ ਤਹਿਤ 11 ਵਰਗਾਂ ਦੇ 41 ਜੇਤੂਆਂ ਦਾ ਸਨਮਾਨ ਕੀਤਾ ਗਿਆ। ਚੰਡੀਗੜ੍ਹ ਨੇ ਇੰਦੌਰ ਨਗਰ ਨਿਗਮ (ਮੱਧ ਪ੍ਰਦੇਸ਼) ਨੂੰ ਪਛਾੜ ਕੇ ਪਹਿਲੇ ਨੰਬਰ ਦਾ ਸਥਾਨ ਹਾਸਲ ਕੀਤਾ ਹੈ। ਇਸ ਐਵਾਰਡ ਸਬੰਧੀ ਪ੍ਰਕਿਰਿਆ ਵਿੱਚ ਇੰਦੌਰ ਨਗਰ ਨਿਗਮ ਦੂਜੇ ਸਥਾਨ ’ਤੇ ਰਹੀ ਜਦਕਿ ਸੂਰਤ ਨਗਰ ਨਿਗਮ ਤੇ ਮਲਕਪੁਰ ਨਗਰ ਕੌਂਸਲ ਨੇ ਸਾਂਝੇ ਤੌਰ ’ਤੇ ਇਸੇ ਸ਼੍ਰੇਣੀ ਤਹਿਤ ਤੀਜਾ ਸਥਾਨ ਪ੍ਰਾਪਤ ਕੀਤਾ।


ਇਹ ਵੀ ਪੜ੍ਹੋ: Punjab: ਗੁਜਰਾਤ ਵਿੱਚ ਕਿਉਂ ਛਪਦੇ ਪੰਜਾਬ ਦੇ ਇਸ਼ਤਿਹਾਰ? CM ਭਗਵੰਤ ਮਾਨ ਨੇ ਕਹੀ ਇਹ ਵੱਡੀ ਗੱਲ


ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਨੇ ਕਿਹਾ ਕਿ ਚੰਗੀ ਯੋਜਨਾਬੱਧ ਤੇ ਸੁੰਦਰ ਸ਼ਹਿਰ ਚੰਡੀਗੜ੍ਹ ਨੇ ‘ਨੈਸ਼ਨਲ ਵਾਟਰ ਐਵਾਰਡ-2022’ ਜਿੱਤ ਕੇ ਇੱਕ ਹੋਰ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਇਹ ਵੱਕਾਰੀ ਉਪਲਬਧੀ ਸ਼ਹਿਰ ਵਿੱਚ ਇੱਕ ਕੁਸ਼ਲ ਜਲ ਪ੍ਰਬੰਧਨ ਤੇ ਸੰਭਾਲ ਅਭਿਆਸਾਂ ਪ੍ਰਤੀ ਸ਼ਹਿਰ ਦੀ ਵਚਨਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ‘ਜਲ ਸਮ੍ਰਿਧ ਭਾਰਤ’ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਚੱਲ ਰਹੀ ਕੌਮੀ ਮੁਹਿੰਮ ਦੇ ਹਿੱਸੇ ਵਜੋਂ ਇਹ ਨੈਸ਼ਨਲ ਵਾਟਰ ਐਵਾਰਡ ਵੱਖ-ਵੱਖ ਵਿਅਕਤੀਆਂ ਤੇ ਸੰਸਥਾਵਾਂ ਵੱਲੋਂ ਕੀਤੇ ਗਏ ਚੰਗੇ ਕੰਮਾਂ ਤੇ ਯਤਨਾਂ ਨੂੰ ਉਤਸ਼ਾਹਿਤ ਕਰਨ ’ਤੇ ਕੇਂਦਰਿਤ ਹੈ।


ਮੇਅਰ ਨੇ ਦੱਸਿਆ ਕਿ ਜਲ ਸ਼ਕਤੀ ਮੰਤਰਾਲੇ ਨੇ ਕੌਮੀ ਪੱਧਰ ’ਤੇ ਜਲ ਪ੍ਰਬੰਧਨ ਅਤੇ ਜਲ ਸੰਭਾਲ ਬਾਰੇ ਵਿਆਪਕ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮੁਹਿੰਮ ਨੂੰ ਲੈ ਕੇ ਸਾਲ 2018 ਵਿੱਚ ਪਹਿਲਾ ਨੈਸ਼ਨਲ ਵਾਟਰ ਐਵਾਰਡ ਸ਼ੁਰੂ ਕੀਤਾ ਗਿਆ ਸੀ। ਮੇਅਰ ਨੇ ਦੱਸਿਆ ਕਿ ਚੌਥੇ ‘ਨੈਸ਼ਨਲ ਵਾਟਰ ਐਵਾਰਡ’ ਦੀ ਪ੍ਰਕਿਰਿਆ ਦੀ ਸ਼ੁਰੂਆਤ 30 ਜੁਲਾਈ 2022 ਨੂੰ ਕੀਤੀ ਗਈ ਸੀ ਅਤੇ 868 ਅਰਜ਼ੀਆਂ ਪ੍ਰਾਪਤ ਹੋਣ ਤੋਂ ਬਾਅਦ ਕੇਂਦਰੀ ਜਲ ਕਮਿਸ਼ਨ ਤੇ ਕੇਂਦਰੀ ਜ਼ਮੀਨੀ ਜਲ ਬੋਰਡ ਵੱਲੋਂ ਇਨ੍ਹਾਂ ਅਰਜ਼ੀਆਂ ਦੀ ਪੜਤਾਲ ਅਤੇ ਮੁਲਾਂਕਣ ਕੀਤਾ ਗਿਆ। ਇਸ ਤੋਂ ਬਾਅਦ 11 ਸ਼੍ਰੇਣੀਆਂ ਵਿੱਚ 41 ਜੇਤੂਆਂ ਨੂੰ ਪੁਰਸਕਾਰਾਂ ਲਈ ਚੁਣਿਆ ਗਿਆ ਸੀ।


ਇਹ ਵੀ ਪੜ੍ਹੋ: Weather Report: ਮੌਸਮ ਵਿਭਾਗ ਵੱਲੋਂ ਤੇਜ਼ ਬਾਰਸ਼ ਦਾ ਅਲਰਟ, 20 ਜੂਨ ਮਗਰੋਂ ਕਦੇ ਵੀ ਦਸਤਕ ਦੇ ਸਕਦਾ ਮਾਨਸੂਨ