Chandigarh Weather Update:  ਚੰਡੀਗੜ੍ਹ ਵਿੱਚ ਮੌਸਮ ਵਿਭਾਗ ਨੇ ਅੱਜ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਤਾਜ਼ਾ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਵਿੱਚ ਇਹ ਬਦਲਾਅ ਦੇਖਿਆ ਜਾ ਰਿਹਾ ਹੈ। ਪਹਾੜਾਂ ਵਿੱਚ ਬਰਫ਼ਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ ਵਿੱਚ ਇਸ ਦਾ ਅਸਰ ਮੀਂਹ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਹੈ। ਇਸ ਕਾਰਨ ਸ਼ਹਿਰ ਦਾ ਤਾਪਮਾਨ ਵੀ ਡਿੱਗ ਗਿਆ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।


ਮੌਸਮ ਵਿਭਾਗ ਮੁਤਾਬਕ ਅਗਲੇ 5 ਦਿਨਾਂ ਤੱਕ ਸ਼ਹਿਰ ਦਾ ਮੌਸਮ ਬਦਲਦਾ ਰਹੇਗਾ। ਕੁਝ ਦਿਨ ਮੀਂਹ ਪਵੇਗਾ ਅਤੇ ਕੁਝ ਦਿਨ ਬੱਦਲਵਾਈ ਰਹੇਗੀ। ਬੁੱਧਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 20.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇੱਕ ਡਿਗਰੀ ਘੱਟ ਸੀ। ਘੱਟੋ-ਘੱਟ ਤਾਪਮਾਨ 10.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 2 ਡਿਗਰੀ ਵੱਧ ਸੀ। ਪੂਰੇ ਦਿਨ ਵਿੱਚ ਲਗਭਗ 1 ਐਮਐਮ ਮੀਂਹ ਪਿਆ।


ਮੌਸਮ ਵਿਭਾਗ ਮੁਤਾਬਕ ਅੱਜ ਵੀ ਸ਼ਹਿਰ 'ਚ ਬੱਦਲ ਛਾਏ ਰਹਿਣਗੇ ਅਤੇ ਬਾਰਸ਼ ਵੀ ਹੋ ਸਕਦੀ ਹੈ। ਭਲਕੇ ਸ਼ਹਿਰ ਵਿੱਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ, ਪਰ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਦਿਨ ਵੇਲੇ ਹਲਕੀ ਧੁੱਪ ਹੋ ਸਕਦੀ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਰਿਕਾਰਡ ਕੀਤਾ ਜਾ ਸਕਦਾ ਹੈ।


ਹਵਾਈ ਅੱਡੇ ਤੋਂ 7 ਉਡਾਣਾਂ ਕੀਤੀਆਂ ਗਈਆਂ ਰੱਦ 


ਖ਼ਰਾਬ ਮੌਸਮ ਕਾਰਨ ਬੁੱਧਵਾਰ ਨੂੰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੱਤ ਉਡਾਣਾਂ ਰੱਦ ਕਰਨੀਆਂ ਪਈਆਂ। ਜਦੋਂ ਕਿ 31 ਉਡਾਣਾਂ ਨਿਰਧਾਰਿਤ ਸਮੇਂ ਤੋਂ ਲੇਟ ਸਨ। ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀਈਓ ਰਾਕੇਸ਼ ਸਹਾਏ ਨੇ ਦੱਸਿਆ ਕਿ ਘੱਟ ਵਿਜ਼ੀਬਿਲਟੀ ਕਾਰਨ ਬਾਲੀ ਦੀਆਂ ਉਡਾਣਾਂ ਸਵੇਰੇ ਰੱਦ ਰਹੀਆਂ। ਦਿਨ ਦੀਆਂ ਕੁਝ ਉਡਾਣਾਂ ਦੇਰੀ ਨਾਲ ਉੱਡੀਆਂ।


ਰੱਦ ਕੀਤੀਆਂ ਗਈਆਂ ਉਡਾਣਾਂ ਵਿੱਚ ਦਿੱਲੀ, ਮੁੰਬਈ, ਜੈਪੁਰ ਅਤੇ ਲਖਨਊ ਤੋਂ ਉਡਾਣਾਂ ਸ਼ਾਮਲ ਸਨ ਅਤੇ ਦੇਰੀ ਵਾਲੀਆਂ ਉਡਾਣਾਂ ਵਿੱਚ ਹੈਦਰਾਬਾਦ, ਦਿੱਲੀ, ਲਖਨਊ, ਚੇਨਈ, ਬੈਂਗਲੁਰੂ, ਮੁੰਬਈ, ਗੋਆ, ਜੈਪੁਰ, ਸ਼੍ਰੀਨਗਰ, ਅਹਿਮਦਾਬਾਦ ਅਤੇ ਕੋਲਕਾਤਾ ਦੀਆਂ ਉਡਾਣਾਂ ਸ਼ਾਮਲ ਸਨ। ਵਿਜ਼ੀਬਿਲਟੀ ਘੱਟ ਹੋਣ ਕਾਰਨ ਅੱਜ ਵੀ ਸਵੇਰੇ 7 ਵਜੇ ਤੱਕ ਕੋਈ ਫਲਾਈਟ ਨਹੀਂ ਉਡਾਈ ਗਈ।