Chandigarh News: ਹਰਿਆਣਾ ਦੇ ਮੁੱਖ ਮੰਤਰੀ ਨੇ ਕਿਸਾਨ ਅੰਦੋਲਨ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਦਾ ਲੋਕ ਤਾਂਤਰਿਕ ਹੱਕ ਹੈ ਪਰ ਕਿਸਾਨਾਂ ਵੱਲੋਂ ਸੈਨਾ ਵਰਗਾ ਮਾਹੌਲ ਬਣਾਉਣਾ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਜਾਣਾ ਹੈ ਤਾਂ ਬੱਸ ਰਾਹੀਂ ਜਾਓ, ਰੇਲ ਰਾਹੀਂ ਜਾਓ ਪਰ ਕਿਸਾਨਾਂ ਦਾ ਦਿੱਲੀ ਜਾਣ ਦਾ ਇਹ ਤਰੀਕਾ ਸਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀ ਵਾਰ ਲਾਲ ਕਿਲਾ 'ਤੇ ਕੀ ਦੇਖਣ ਨੂੰ ਮਿਲਿਆ। ਹਜਾਰਾਂ ਦੀ ਗਿਣਤੀ ਵਿੱਚ ਟਰੈਕਟਰ  ਲੈ ਕੇ ਜਾਣਾ ਠੀਕ ਨਹੀਂ। 


ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਕਿਹਾ ਸੀ ਕਿ ਤੁਸੀਂ ਇਨ੍ਹਾਂ ਨੂੰ ਰੋਕੋ। ਕਿਸਾਨਾਂ ਨੂੰ ਵੀ ਸੱਟਾਂ ਵਜੀਆਂ ਹਨ ਤੇ ਪੁਲਿਸ ਵੀ ਜਖਮੀ ਹੋਈ ਹੈ, ਪੱਤਰਕਾਰ ਵੀ ਜਖਮੀ ਹੋਏ ਹਨ। ਦੋਵੇਂ ਸਾਡੇ ਭਰਾ ਹਨ। ਅਸੀਂ ਨਹੀਂ ਚਾਹੁੰਦੇ ਕੋਈ ਜ਼ਖਮੀ ਹੋਵੇ। ਕਿਸਾਨਾਂ ਦੇ ਵਿਵਹਾਰ ਤੋਂ ਪਤਾ ਲੱਗਦਾ ਹੈ ਕਿ ਕੋਈ ਨੇ ਕੋਈ ਹਮਾਇਤ ਤਾਂ ਇਨ੍ਹਾਂ ਨੂੰ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸ਼ਾਮ ਨੂੰ 5 ਵਜੇ ਕੇਂਦਰੀ ਮੰਤਰੀਆਂ ਨਾਲ ਕਿਸਾਨਾਂ ਦੀ ਬੈਠਕ ਹੈ। ਉਮੀਦ ਹੈ ਇਸ ਮੀਟਿੰਗ ਵਿੱਚ ਹੱਲ ਨਿਕਲੇਗਾ।







ਉਨ੍ਹਾਂ ਨੇ ਕਿਹਾ ਕਿ ਆਪਸੀ ਗੱਲਬਾਤ ਹੀ ਇੱਕੋ-ਇੱਕ ਪਲੇਟਫਾਰਮ ਹੈ ਆਪਣੀ ਗੱਲ ਰੱਖਣ ਦਾ। ਇਸ ਲਈ ਗੱਲਬਾਤ ਰਾਹੀਂ ਹੀ ਮਾਮਲਾ ਹੱਲ ਕਰਨਾ ਚਾਹੀਦਾ ਹੈ। ਖੱਟਰ ਨੇ ਪੰਜਾਬ ਸਰਕਾਰ ਉਪਰ ਵੀ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਤਜਰਬਾ ਨਹੀਂ ਹੈ। 



ਸੀਐਮ ਖੱਟਰ ਨੇ ਕਿਹਾ ਕਿ ਪਹਿਲਾਂ ਸਾਡੀ ਸਰਕਾਰ ਵੱਲ ਦੇਖੋ ਅਸੀਂ ਕਿਸਾਨਾਂ ਲਈ ਕੰਮ ਕੀਤੇ ਹਨ। ਸਾਡੀ ਸਰਕਾਰ ਫ਼ਸਲ ਦੀ ਚੰਗੀ ਕੀਮਤ ਦੇ ਰਹੀ ਹੈ। ਸਾਡੀ ਸਰਕਾਰ ਨੇ ਫ਼ਸਲ ਤੇ ਕੀਮਤ ਵਧਾ ਕੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਪੰਜਾਬ ਸਰਕਾਰ ਨਾਲ ਗੱਲ ਕਰਨ। ਕਿਸਾਨ ਪਹਿਲਾਂ ਸੂਬਾ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦਾ ਕਿਸਾਨ ਪੰਜਾਬ ਦੇ ਕਿਸਾਨਾਂ ਨੂੰ ਕਹਿੰਦਾ ਹੈ ਕਿ ਪਹਿਲਾਂ ਸਾਨੂੰ ਐਸਵਾਈਐਲ ਦਾ ਪਾਣੀ ਦਿਵਾਓ, ਫੇਰ ਅਸੀਂ ਤੁਹਾਡਾ ਸਾਥ ਦੇਵਾਂਗੇ।