Chandigarh News: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਹੀ ਕਾਂਗਰਸ ਵਰਕਰਾਂ ਨੇ ਐਕਸ਼ਨ ਕਰ ਦਿੱਤਾ। ਕਾਂਗਰਸ ਵੱਲੋਂ ਅਮਿਤ ਸ਼ਾਹ ਦੇ ਆਉਣ ਤੋਂ ਪਹਿਲਾਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਸੰਸਦ ਮੈਂਬਰਾਂ ਦੀ ਮੁਅੱਤਲੀ ਵਿਰੁੱਧ ਸੀ। ਚੰਡੀਗੜ੍ਹ ਕਾਂਗਰਸ ਦਫ਼ਤਰ ਦੇ ਬਾਹਰ ਕਾਲੇ ਝੰਡਿਆਂ ਤੇ ਕਾਲੇ ਗੁਬਾਰਿਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ।


ਇਸ ਦੌਰਾਨ ਕਾਂਗਰਸੀ ਵਰਕਰਾਂ ਤੇ ਪੁਲਿਸ ਵਿਚਾਲੇ ਧੱਕਾਮੁੱਕੀ  ਵੀ ਹੋਈ। ਕਾਂਗਰਸੀ ਵਰਤਰਾਂ ਨੇ ਅਮਿਤ ਸ਼ਾਹ ਵਾਪਸ ਜਾਓ ਦੇ ਨਾਅਰੇ ਲਾਏ। ਇਸ ਦੌਰਾਨ ਬੈਰੀਕੇਡਾਂ ਤੋਂ ਛਾਲ ਮਾਰਨ ਵਾਲੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਕਾਂਗਰਸੀ ਵਰਕਰ ਚੰਡੀਗੜ੍ਹ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ਸਨ।


ਦੱਸ ਦਈਏ ਕਿ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਪਹੁੰਚ ਰਹੇ ਹਨ। ਉਨ੍ਹਾਂ ਵੱਲੋਂ ਸ਼ਹਿਰ ਨੂੰ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦੇ ਉਦਘਾਟਨ ਕੀਤੇ ਜਾਣਗੇ ਤੇ ਹੋਰ ਕਈ ਨਵੇਂ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਜਾਣਗੇ। ਅਮਿਤ ਸ਼ਾਹ ਬਾਅਦ ਦੁਪਹਿਰ 4 ਵਜੇ ਦੇ ਕਰੀਬ ਚੰਡੀਗੜ੍ਹ ਪਹੁੰਚਣਗੇ। ਉਨ੍ਹਾਂ ਵੱਲੋਂ ਪਹਿਲਾਂ 3.75 ਕਰੋੜ ਰੁਪਏ ਦੀ 25 ਟਾਟਾ ਸਫਾਰੀ ਪੀਸੀਆਰ ਵਾਹਨਾਂ ਤੇ 79 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਪੁਲੀਸ ਕਮਾਂਡ ਤੇ ਕੰਟਰੋਲ ਵਹੀਕਲ (ਬਾਜ਼) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ।


ਉਸ ਤੋਂ ਬਾਅਦ ਸੈਕਟਰ-26 ਵਿੱਚ ਸਥਿਤ ਸੀਸੀਈਟੀ ’ਚ ਪ੍ਰਸ਼ਾਸਨਿਕ ਬਲਾਕ ਤੇ ਵਰਕਸ਼ਾਪ ਬਲਾਕ ਦਾ ਉਦਘਾਟਨ ਕੀਤਾ ਜਾਵੇਗਾ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਵਰਚੁਅਲੀ ਸੈਕਟਰ-18 ਵਿੱਚ ਏਅਰਫੋਰਸ ਹੈਰੀਟੇਜ ਸੈਂਟਰ ਵਿੱਚ ਸਾਈਬਰ ਸੁਰੱਖਿਆ ਲਈ ਬਣਾਏ ਸੈਂਟਰਲ ਕੋਪਸ ਸੈਂਟਰ, ਪੈੱਕ ਵਿੱਚ ਲੜਕਿਆਂ ਦੇ ਹੋਸਟਲ, ਪਿੰਡ ਰਾਏਪੁਰ ਕਲਾਂ, ਰਾਏਪੁਰ ਖੁਰਦ ’ਚ ਸੀਵਰਟਰੀਟਮੈਂਟ ਪਲਾਂਟ, ਪਲਸੋਰਾ ਸਕੂਲ ਵਿੱਚ ਨਵੀਂ ਇਮਾਰਤ ਤੇ ਪੁਲੀਸ ਕੰਪਲੈਕਸ ਧਨਾਸ ਵਿੱਚ ਟਾਈਪ-2 ਦੇ 192 ਘਰਾਂ ਦਾ ਉਦਘਾਟਨ ਕਰਨਗੇ।


ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਰੋੜਾਂ ਰੁਪਏ ਦੇ ਨਵੇਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਤੇ ਪਿੰਡ ਸਾਰੰਗਪੁਰ ਤੇ ਕਿਰਸਾਨ ਵਿੱਚ ਸਰਕਾਰੀ ਸਕੂਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣਗੇ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਵੱਲੋਂ 44 ਏਐਸਆਈ ਤੇ 700 ਸਿਪਾਹੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਪੰਜਾਬ ਰਾਜ ਭਵਨ ਜਾਣਗੇ ਤੇ ਉਸ ਤੋਂ ਬਾਅਦ ਦੇਰ ਸ਼ਾਮ ਰਵਾਨਗੀ ਕਰਨਗੇ।


ਕੇਂਦਰੀ ਗ੍ਰਹਿ ਮੰਤਰੀ ਦੀ ਆਮਦ ਨੂੰ ਲੈ ਕੇ ਚੰਡੀਗੜ੍ਹ ਪੁਲੀਸ ਵੱਲੋਂ ਸ਼ਹਿਰ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਸ਼ਹਿਰ ਵਿੱਚ ਚੱਪੇ-ਚੱਪੇ ’ਤੇ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਦੀ ਆਮਦ ਕਰ ਕੇ ਸ਼ਹਿਰ ਵਾਸੀਆਂ ਲਈ ਵਿਸ਼ੇਸ਼ ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਦੀ ਆਮਦ ਕਰ ਕੇ ਸ਼ਹਿਰ ਦੀਆਂ ਕਈ ਸੜਕਾਂ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਈ ਸੜਕਾਂ ਨੂੰ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਬੰਦ ਕੀਤਾ ਜਾਵੇਗਾ।