Chandigarh News: ਸਸਤੀ ਸ਼ਰਾਬ ਵਾਲੇ ਸ਼ਹਿਰ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕੇਦਾਰ ਨਹੀਂ ਲੱਭ ਰਹੇ। ਯੂਟੀ ਦੇ ਆਬਕਾਰੀ ਤੇ ਕਰ ਵਿਭਾਗ ਵਾਰ-ਵਾਰ ਠੇਕਿਆਂ ਦੀ ਨਿਲਾਮੀ ਕਰ ਰਿਹਾ ਹੈ ਪਰ ਅਜੇ ਵੀ 20 ਦੇ ਕਰੀਬ ਠੇਕਿਆਂ ਦੀ ਨਿਲਾਮੀ ਨਹੀਂ ਹੋ ਸਕੀ। ਹੁਣ ਤੱਕ ਚੰਡੀਗੜ੍ਹ ਦੇ ਠੇਕਿਆਂ ਦੀ 10 ਵਾਰ ਬੋਲੀ ਹੋ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਪਿੱਛੇ ਪੰਜਾਬ ਦੀ ਸ਼ਰਾਬ ਨੀਤੀ ਹੈ। 


ਦੱਸ ਦਈਏ ਕਿ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਸਿਰੇ ਚੜ੍ਹਨ ਦਾ ਨਾਂ ਨਹੀਂ ਲੈ ਰਹੀ। ਛੇ ਮਈ ਨੂੰ ਆਬਕਾਰੀ ਤੇ ਕਰ ਵਿਭਾਗ ਵੱਲੋਂ ਸ਼ਰਾਬ ਦੇ ਠੇਕਿਆਂ ਦੀ 10ਵੀਂ ਵਾਰ ਨਿਲਾਮੀ ਕੀਤੀ ਗਈ ਜਿਸ ਵਿੱਚ ਦੋ ਹੀ ਠੇਕੇ ਨਿਲਾਮ ਹੋ ਸਕੇ ਹਨ ਜਦੋਂਕਿ ਹਾਲੇ ਵੀ 20 ਠੇਕੇ ਬਾਕੀ ਰਹਿੰਦੇ ਹਨ। ਯੂਟੀ ਦੇ ਆਬਕਾਰੀ ਤੇ ਕਰ ਵਿਭਾਗ ਵੀ ਹੈਰਾਨ ਹੈ ਕਿਉਂਕਿ ਇਹ ਪਹਿਲੀ ਵਾਰ ਹੋ ਰਿਹਾ ਹੈ।


ਯੂਟੀ ਦੇ ਆਬਕਾਰੀ ਤੇ ਕਰ ਵਿਭਾਗ ਨੇ 22 ਠੇਕਿਆਂ ਦੀ ਨਿਲਾਮੀ ਲਈ ਰਾਖਵੀਂ ਕੀਮਤ ਨੂੰ 30 ਫ਼ੀਸਦ ਘਟਾ ਦਿੱਤਾ ਹੈ। 30 ਫ਼ੀਸਦ ਦੀ ਕਟੌਤੀ ਦੇ ਬਾਵਜੂਦ ਬੁੜ੍ਹੈਲ ਤੇ ਸੈਕਟਰ-23 ਵਾਲਾ ਠੇਕਾ ਹੀ ਨਿਲਾਮ ਹੋ ਸਕੇ ਹਨ। ਇਸ ਤੋਂ ਪਹਿਲਾਂ ਯੂਟੀ ਨੇ ਤਿੰਨ ਵਾਰ ਨਿਲਾਮੀ ਰਾਖਵੀਂ ਕੀਮਤ ’ਚ 25 ਫ਼ੀਸਦ ਕਟੌਤੀ ਨਾਲ ਕੀਤੀ ਸੀ, ਪਰ ਉਸ ਦੇ ਬਾਵਜੂਦ ਚੰਡੀਗੜ੍ਹ ਵਿਚਲੇ ਸਾਰੇ ਠੇਕੇ ਨਿਲਾਮ ਨਹੀਂ ਹੋ ਸਕੇ। 


ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚਲੇ 95 ਸ਼ਰਾਬ ਦੇ ਠੇਕਿਆਂ ਨੂੰ ਨਿਲਾਮ ਕਰਨ ਲਈ 10 ਵਾਰ ਨਿਲਾਮੀ ਕਰਨ ਦੇ ਬਾਵਜੂਦ ਸਿਰਫ਼ 75 ਠੇਕੇ ਹੀ ਨਿਲਾਮ ਹੋ ਸਕੇ ਹਨ, ਜਦੋਂ ਕਿ 20 ਠੇਕੇ ਹਾਲੇ ਵੀ ਬਾਕੀ ਰਹਿੰਦੇ ਹਨ। ਸ਼ਹਿਰ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਮਿਲ ਰਹੇ ਮੱਠੇ ਹੁੰਗਾਰੇ ਨੂੰ ਦੇਖਦਿਆਂ ਆਬਕਾਰੀ ਤੇ ਕਰ ਵਿਭਾਗ ਨੇ ਠੇਕਿਆਂ ਦੀ ਰਾਖਵੀਂ ਕੀਮਤ ’ਚ ਹੋਰ ਕਟੌਤੀ ਕੀਤੀ ਸੀ। ਇਹ ਅੱਜ ਤੱਕ ਦੀ ਸਭ ਤੋਂ ਵੱਧ ਕਟੌਤੀ ਕੀਤੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।