PU Election: ਪੰਜਾਬ ਯੂਨੀਵਰਸਿਟੀ ਸਟੂਡੈਂਟਸ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ (AAP) ਦੇ ਵਿਦਿਆਰਥੀ ਵਿੰਗ ਛਾਤਰ ਯੁਵਾ ਸੰਘਰਸ਼ ਸਮਿਤੀ (CYSS) ਦੇ ਪ੍ਰਧਾਨਗੀ ਉਮੀਦਵਾਰ ਪ੍ਰਿੰਸ ਚੌਧਰੀ ਨੇ ਵੀਰਵਾਰ ਨੂੰ ਨਾਮਜ਼ਦਗੀ ਦਾਖਲ ਕੀਤੀ।  ਨਾਮਜ਼ਦਗੀ ਸਮੇਂ ਸੀਵਾਈਐਸਐਸ ਦੇ ਕਈ ਵਿਦਿਆਰਥੀ ਆਗੂ ਅਤੇ ਜਥੇਬੰਦੀ ਨਾਲ ਜੁੜੇ ਸੈਂਕੜੇ ਵਿਦਿਆਰਥੀ ਹਾਜ਼ਰ ਸਨ।  ਪ੍ਰਿੰਸ ਚੌਧਰੀ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਕਾਨੂੰਨ ਵਿਭਾਗ ਦਾ ਵਿਦਿਆਰਥੀ ਹੈ। ਉਹ ਐਲਐਲਐਮ ਦੀ ਪੜ੍ਹਾਈ ਕਰ ਰਿਹਾ ਹੈ।


ਸਟੂਡੈਂਟਸ ਕੌਂਸਲ ਚੋਣਾਂ ਦੇ ਮੱਦੇਨਜ਼ਰ ਸੀਵਾਈਐਸਐਸ ਨੇ ਆਪਣੇ ਸੰਗਠਨ ਦਾ ਵੀ ਵਿਸਥਾਰ ਕੀਤਾ ਹੈ।  ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਪ੍ਰਧਾਨ, ਰਜਤ ਕੰਬੋਜ ਨੂੰ ਚੇਅਰਮੈਨ, ਆਰੀਅਨ ਕੰਬੋਜ ਨੂੰ ਪਾਰਟੀ ਪ੍ਰਧਾਨ, ਦੀਪਾਂਸ਼ੂ ਨੂੰ ਪਾਰਟੀ ਚੇਅਰਮੈਨ, ਰਿਤਵਿਜ ਚੌਬੇ ਨੂੰ ਮੀਤ ਪ੍ਰਧਾਨ, ਵਿਸ਼ਾਲ ਨੂੰ ਵਾਈਸ ਚੇਅਰਮੈਨ, ਉਦੈਵੀਰ ਧਾਲੀਵਾਲ ਨੂੰ ਆਲ ਕਾਲਜ ਪ੍ਰਧਾਨ, ਵਤਨਵੀਰ ਸਿੰਘ ਨੂੰ ਕਾਰਜਕਾਰੀ ਪ੍ਰਧਾਨ, ਪ੍ਰਭਨੂਰ ਨੂੰ ਪਾਰਟੀ ਇੰਚਾਰਜ ਅਤੇ ਕੰਵਲਪ੍ਰੀਤ ਜੱਜ ਨੂੰ ਚੀਫ ਪੈਟਰਨ ਨਿਯੁਕਤ ਕੀਤਾ ਗਿਆ ਹੈ।


ਯੂਨੀਵਰਸਿਟੀ ਨੇ ਚੋਣ ਪ੍ਰਚਾਰ ਲਈ ਕੀ-ਕੀ ਰੱਖੀਆਂ ਸ਼ਰਤਾਂ ?


ਚੋਣਾਂ ਵਿੱਚ ਕਿਸੇ ਵੀ ਜਥੇਬੰਦੀ ਨੂੰ ਚੋਣ ਪ੍ਰਚਾਰ ਲਈ ਕਿਸੇ ਵੀ ਤਰ੍ਹਾਂ ਦੀ ਪ੍ਰਿੰਟਿੰਗ ਸਮੱਗਰੀ ਵਰਤਣ ਦੀ ਇਜਾਜ਼ਤ ਨਹੀਂ ਹੋਵੇਗੀ, ਸਿਰਫ ਹੱਥ ਨਾਲ ਤਿਆਰ ਚੋਣ ਪ੍ਰਚਾਰ ਸਮੱਗਰੀ ਦੀ ਹੀ ਇਜਾਜ਼ਤ ਹੈ। ਹੱਥ ਲਿਖਤ ਸਮੱਗਰੀ ਦੇ ਫੋਟੋਸਟੈਟ ਦੀ ਵੀ ਇਜਾਜ਼ਤ ਨਹੀਂ ਹੈ। ਪ੍ਰਿੰਟ ਕੀਤੇ ਸਟਿੱਕਰਾਂ ਤੇ ਪੈਂਫਲੇਟਾਂ ਦੀ ਵਰਤੋਂ ਕਰਨ, ’ਵਰਸਿਟੀ ਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਲਈ ਜੁਰਮਾਨਾ ਲਗਾਇਆ ਜਾਵੇਗਾ। ਚੋਣ ਪ੍ਰਚਾਰ ਕਰਨ ਲਈ ਕਾਰ ਰੈਲੀਆਂ ਉੱਤੇ ਵੀ ਪਾਬੰਦੀ ਲਗਾਈ ਗਈ ਹੈ ਅਤੇ ਕੋਈ ਵਿਰੋਧ ਪ੍ਰਦਰਸ਼ਨ ਵੀ ਨਹੀਂ ਕੀਤਾ ਜਾ ਸਕੇਗਾ। 
ਡੀਐੱਸਡਬਲਿਊ ਅਤੇ ਚੰਡੀਗੜ੍ਹ ਪੁਲਿਸ ਦੀ ਅਗਾਊਂ ਮਨਜ਼ੂਰੀ ਤੋਂ ਬਿਨਾ ਜਲੂਸ ਤੇ ਰੈਲੀਆਂ ਦੀ ਇਜਾਜ਼ਤ ਨਹੀਂ ਹੋਵੇਗੀ। ਚੋਣ ਲੜਨ ਵਾਲੇ ਉਮੀਦਵਾਰਾਂ ਲਈ 75 ਫੀਸਦ ਹਾਜ਼ਰੀ ਲਾਜ਼ਮੀ ਹੈ। ਕੈਂਪਸ ਵਿੱਚ ਬਾਹਰੀ ਲੋਕਾਂ ਦੇ ਦਾਖਲੇ ਦੀ ਆਗਿਆ ਨਹੀਂ ਹੈ। ਪ੍ਰਚਾਰ ਲਈ ਲਾਊਡ ਸਪੀਕਰਾਂ ਅਤੇ ਵਾਹਨਾਂ ਦੀ ਵਰਤੋਂ ਅਤੇ ਚੋਣਾਂ ਦੌਰਾਨ ਹੋਸਟਲਾਂ ਵਿੱਚ ਮਹਿਮਾਨਾਂ ਦੇ ਠਹਿਰਨ ’ਤੇ ਵੀ ਪਾਬੰਦੀ ਹੈ।


ਕਦੋਂ ਹੋਣ ਜਾ ਰਹੀਆਂ ਨੇ ਚੋਣਾਂ ?


ਜ਼ਿਕਰ ਕਰ ਦਈਏ ਕਿ 29 ਅਗਸਤ ਨੂੰ ਸਵੇਰੇ 9.30 ਵਜੇ ਤੋਂ 10.30 ਤੱਕ ਨਾਮਜ਼ਦਗੀਆਂ ਭਰੀਆਂ ਗਈਆਂ ਤੇ ਉਸੇ ਦਿਨ 10.35 ਵਜੇ ਕਾਗਜ਼ਾਂ ਦੀ ਜਾਂਚ ਪੜਤਾਲ ਹੋਈ। 12 ਵਜੇ ਉਮੀਦਵਾਰਾਂ ਦੇ ਨਾਮਾਂ ਦੀ ਸੂਚੀ ਸਬੰਧਤ ਵਿਭਾਗਾਂ ਵਿੱਚ ਚਿਪਕਾ ਦਿੱਤੀ ਜਾਵੇਗੀ। ਇਤਰਾਜ਼ਾਂ ਆਦਿ ਉੱਤੇ ਕਾਰਵਾਈ ਕਰਨ ਉਪਰੰਤ 30 ਅਗਸਤ ਨੂੰ ਯੋਗ ਉਮੀਦਵਾਰਾਂ ਦੀਆਂ ਸੂਚੀਆਂ ਚਿਪਕਾ ਦਿੱਤੀਆਂ ਜਾਣਗੀਆਂ ਅਤੇ ਉਸੇ ਦਿਨ 10.30 ਵਜੇ ਤੋਂ 12.30 ਵਜੇ ਤੱਕ ਕਾਗਜ਼ ਵਾਪਸ ਲਏ ਜਾ ਸਕਣਗੇ। ਉਸੇ ਦਿਨ ਬਾਅਦ ਦੁਪਹਿਰ 2.30 ਵਜੇ ਉਮੀਦਵਾਰਾਂ ਦੀ ਫਾਈਨਲ ਸੂਚੀ ਚਿਪਕਾ ਦਿੱਤੀ ਜਾਵੇਗੀ। ਇਹ ਸਾਰੀ ਪ੍ਰਕਿਰਿਆ ਪੂਰੀ ਹੋਣ ਉਪਰੰਤ 5 ਸਤੰਬਰ ਨੂੰ ਵੋਟਿੰਗ ਕਰਵਾਈ ਜਾਵੇਗੀ ਅਤੇ ਉਸੇ ਦਿਨ ਬਾਅਦ ਦੁਪਹਿਰ ਚੋਣ ਨਤੀਜੇ ਐਲਾਨ ਦਿੱਤੇ ਜਾਣਗੇ।