Chandigarh News: ਇੱਥੋਂ ਨੇੜਲੇ ਕਸਬੇ ਡੇਰਾਬੱਸੀ ਦੀ ਹੈਬਤਪੁਰ ਸੜਕ ’ਤੇ ਸਥਿਤ ਗੁਲਮੋਹਰ ਸਿਟੀ ਵਿੱਚ ਇੱਕ ਵਿਅਕਤੀ ਦੀ ਛੇਵੀਂ ਮੰਜ਼ਲ ’ਤੇ ਸਥਿਤ ਫਲੈਟ ਤੋਂ ਡਿੱਗ ਕੇ ਸ਼ੱਕੀ ਹਾਲਤ ਵਿੱਚ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਤਿੰਨ ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਤਿੰਨ ਵਿੱਚੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਪੁਨੀਤ, ਸੰਜੂ ਤੇ ਰਿੰਕੂ ਦੇ ਰੂਪ ਵਿੱਚ ਹੋਈ ਹੈ। ਤਿੰਨੋਂ ਮੁਲਜ਼ਮ ਵਾਰਦਾਤ ਵਾਲੀ ਰਾਤ ਮ੍ਰਿਤਕ ਦੇ ਨਾਲ ਫਲੈਟ ਵਿੱਚ ਸੀ ਜਿੱਥੇ ਉਨ੍ਹਾਂ ਨੇ ਇਕੱਠ ਸ਼ਰਾਬ ਪੀਤੀ ਸੀ।



ਥਾਣਾ ਮੁਖੀ ਸਹਾਇਕ ਇੰਸਪੈਕਟਰ ਜਸਕੰਵਲ ਸਿੰਘ ਨੇ ਕਿਹਾ ਕਿ45 ਸਾਲਾ ਸ਼ਰਨਜੀਤ ਸਿੰਘ ਵਾਸੀ ਗੁਲਮੋਹਰ ਸਿਟੀ ਸੁਸਾਇਟੀ ਦੇ ਬਾਹਰ ਮੋਬਾਈਲਾਂ ਦੀ ਅਸੈਸਰੀ ਵੇਚਣ ਦਾ ਕੰਮ ਕਰਦਾ ਸੀ। ਉਸ ਨੇ ਫਾਇਨਾਂਸ ਦਾ ਕੰਮ ਕਰਨ ਵਾਲੇ ਪੁਨੀਤ ਤੋਂ ਕੁਝ ਰੁਪਏ ਉਧਾਰ ਲਏ ਸਨ ਜੋ ਉਸ ਤੋਂ ਵਾਪਸ ਨਹੀਂ ਦਿੱਤੇ ਜਾ ਰਹੇ ਸੀ ਜਦਕਿ ਪੁਨੀਤ ਉਸ ’ਤੇ ਪੈਸੇ ਮੋੜਨ ਲਈ ਦਬਾਅ ਬਣਾ ਰਿਹਾ ਸੀ।

26 ਤਰੀਕ ਦੀ ਰਾਤ ਨੂੰ ਪੁਨੀਤ ਨੇ ਸ਼ਰਨਜੀਤ ਨੂੰ ਆਪਣੇ ਫਲੈਟ ਵਿੱਚ ਸੱਦਿਆ ਜਿੱਥੇ ਪੁਨੀਤ ਦੇ ਨਾਲ ਉਸ ਦਾ ਡਰਾਈਵਰ ਸੰਜੂ ਤੇ ਇਕ ਹੋਰ ਸਾਥੀ ਰਿੰਕੂ ਵੀ ਸੀ। ਚਾਰੋਂ ਜਣਿਆਂ ਨੇ ਫਲੈਟ ਵਿੱਚ ਦੇਰ ਰਾਤ ਤੱਕ ਸ਼ਰਾਬ ਪੀਤੀ, ਜਿਸ ਮਗਰੋਂ ਪੁਨੀਤ ਦਾ ਸ਼ਰਨਜੀਤ ਨਾਲ ਪੈਸੇ ਦੇਣ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਪੁਨੀਤ ਤੇ ਉਸ ਦੇ ਸਾਥੀਆਂ ਨੇ ਸ਼ਰਨਜੀਤ ਦੀ ਕੁੱਟਮਾਰ ਕਰਨ ਮਗਰੋਂ ਉਸ ਨੂੰ ਛੇਵੀਂ ਮੰਜ਼ਲ ’ਤੇ ਸਥਿਤ ਫਲੈਟ ਦੀ ਬਾਲਕਨੀ ਤੋਂ ਹੇਠਾਂ ਧੱਕਾ ਦੇ ਦਿੱਤਾ ਤੇ ਸ਼ਰਨਜੀਤ ਦੀ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ।

ਉਸ ਦੀ ਮੌਤ ਹੋਣ ਮਗਰੋਂ ਉਹ ਲਾਸ਼ ਨੂੰ ਬਾਲਕਨੀ ਤੋਂ ਦੂਰ ਪਾਰਕ ਵਿੱਚ ਸੁੱਟ ਕੇ ਫ਼ਰਾਰ ਹੋ ਗਏ ਤਾਂ ਜੋ ਪਤਾ ਨਾ ਲੱਗ ਸਕੇ ਕਿ ਉਹ ਉਸ ਦੇ ਫਲੈਟ ਵਿੱਚ ਸੀ। ਮ੍ਰਿਤਕ ਦੀ ਮਾਂ ਤੇ ਪਤਨੀ ਨੇ ਪੁਲਿਸ ਨੂੰ ਦੱਸਿਆ ਕਿ ਸ਼ਰਨਜੀਤ ਨੇ ਉਸੇ ਰਾਤ ਘਰ ਤੋਂ ਸਾਰਿਆਂ ਲਈ ਰੋਟੀ ਮੰਗਵਾਈ ਸੀ ਜਿਸ ਨੂੰ ਪੁਨੀਤ ਦਾ ਡਰਾਈਵਰ ਸੰਜੂ ਲੈਣ ਆਇਆ ਸੀ। ਥਾਣਾ ਮੁਖੀ ਜਸਕੰਵਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਪੁਨੀਤ ਤੇ ਸੰਜੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਰਿੰਕੂ ਅਜੇ ਫ਼ਰਾਰ ਚੱਲ ਰਿਹਾ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।