Chandigarh News: ਚੰਡੀਗੜ੍ਹ ਦੀ ਪਾਰਕਿੰਗ ਨੀਤੀ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਪੰਜਾਬ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਦੀ ਪਾਰਕਿੰਗ ਨੀਤੀ ਨੂੰ ਲੈ ਕੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਚੰਡੀਗੜ੍ਹ ਵੱਲੋਂ ਵਧੇ ਪਾਰਕਿੰਗ ਰੇਟ ਅਤੇ ਪੰਜਾਬ ਤੋਂ ਆਉਣ ਵਾਲੇ ਵਾਹਨਾਂ ’ਤੇ ਲਗਾਏ ਗਏ ਡਬਲ ਪਾਰਕਿੰਗ ਰੇਟ ਦੀ ਸ਼ਿਕਾਇਤ ਕੀਤੀ ਹੈ। ਨਗਰ ਨਿਗਮ ਚੰਡੀਗੜ੍ਹ ਦੀ 25 ਤਰੀਕ ਨੂੰ ਹੋਈ ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਸੀ।
ਜ਼ਿਕਰ ਕਰ ਦਈਏ ਕਿ ਚੰਡੀਗੜ੍ਹ ਦੇ ਕਾਂਗਰਸੀ ਕੌਂਸਲਰਾਂ ਨੇ ਵੀ ਹਾਕਮ ਧਿਰ ਦਾ ਸਾਥ ਦਿੱਤਾ। ਇਹ ਪ੍ਰਸਤਾਵ ਉਨ੍ਹਾਂ ਦੀ ਸਹਿਮਤੀ ਨਾਲ ਹੀ ਪਾਸ ਹੋਇਆ ਸੀ ਪਰ ਹੁਣ ਇਸ ਨੂੰ ਜਲਦੀ ਤੋਂ ਜਲਦੀ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜੇਕਰ ਹਰਿਆਣਾ ਅਤੇ ਪੰਜਾਬ ਚੰਡੀਗੜ੍ਹ ਦੇ ਡੰਪਿੰਗ ਗਰਾਊਂਡ ਲਈ ਜਗ੍ਹਾ ਅਤੇ ਚੰਡੀਗੜ੍ਹ ਵਾਸੀਆਂ ਲਈ ਰਾਖਵਾਂਕਰਨ ਦਿੰਦੇ ਹਨ ਤਾਂ ਉਹ ਆਪਣੇ ਰਾਜ ਤੋਂ ਆਉਣ ਵਾਲੇ ਵਾਹਨਾਂ ਨੂੰ ਚੰਡੀਗੜ੍ਹ ਵਿੱਚ ਮੁਫਤ ਪਾਰਕਿੰਗ ਦੇਣਗੇ।
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਜਪਾਲ ਪੁਰੋਹਿਤ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ। ਪੰਜਾਬ ਦੇ ਲੋਕ ਰੋਜ਼ੀ-ਰੋਟੀ ਕਮਾਉਣ, ਸਿੱਖਿਆ, ਦਵਾਈ ਅਤੇ ਹੋਰ ਕੰਮਾਂ ਲਈ ਇੱਥੇ ਆਉਂਦੇ ਹਨ। ਜੇਕਰ ਇੱਥੇ ਪਾਰਕਿੰਗ ਦੇ ਖਰਚੇ ਦੁੱਗਣੇ ਕੀਤੇ ਜਾਂਦੇ ਹਨ ਤਾਂ ਇਸ ਦਾ ਸਭ 'ਤੇ ਅਸਰ ਪਵੇਗਾ। ਯੂਟੀ ਦੇ ਪ੍ਰਸ਼ਾਸਕ ਹੋਣ ਦੇ ਨਾਤੇ ਰਾਜਪਾਲ ਪੁਰੋਹਿਤ ਨੂੰ ਇਹ ਫੈਸਲਾ ਪਾਸ ਨਹੀਂ ਕਰਨਾ ਚਾਹੀਦਾ ਸੀ।
ਅਕਾਲੀ ਦਲ ਦੇ ਕਈ ਆਗੂਆਂ ਨੇ ਰਾਜਪਾਲ ਪੁਰੋਹਿਤ ਨੂੰ ਪੱਤਰ ਲਿਖੇ ਹਨ। ਇਸ ਵਿੱਚ ਚੰਡੀਗੜ੍ਹ ਨਗਰ ਨਿਗਮ ਵੱਲੋਂ ਟ੍ਰਾਈਸਿਟੀ ਵਾਹਨਾਂ ਨੂੰ ਛੱਡ ਕੇ ਚੰਡੀਗੜ੍ਹ ਆਉਣ ਵਾਲੇ ਸਾਰੇ ਵਾਹਨਾਂ ਦੀ ਪਾਰਕਿੰਗ ਫੀਸ ਦੁੱਗਣੀ ਕਰਨ ਦੇ ਫੈਸਲੇ ਨੂੰ ਪੱਖਪਾਤੀ ਦੱਸਿਆ ਗਿਆ ਹੈ ਅਤੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।