Chandigarh News: ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿੱਚ ਪੈਂਦੀ ਏਕਤਾ ਵਿਹਾਰ ਕਲੋਨੀ ਵਿੱਚ ਪਰਵਾਸੀ ਔਰਤ ਗਾਇੱਤਰੀ ਦੇਵੀ (35) ਦੇ ਕਤਲ ਮਾਮਲੇ ਵਿੱਚ ਫ਼ਰਾਰ ਦੋਵੇਂ ਮੁਲਜ਼ਮ ਭਰਾਵਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪਤੀ ਦੇ ਬਿਆਨ ’ਤੇ ਫਰਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਜਾ ਰਹੀ ਸੀ।
ਹਾਸਲ ਜਾਣਕਾਰੀ ਅਨੁਸਾਰ ਬਲਟਾਣਾ ਦੇ ਏਕਤਾ ਵਿਹਾਰ ਕਲੋਨੀ ਵਿੱਚ ਇੱਕ ਘਰ ਦੀ ਪਹਿਲੀ ਮੰਜ਼ਲ ’ਤੇ ਦੋ ਪਰਵਾਸੀ ਪਰਿਵਾਰ ਕਿਰਾਏ ’ਤੇ ਰਹਿੰਦੇ ਸਨ। ਇਨ੍ਹਾਂ ਵਿੱਚ ਮੁਲਜ਼ਮ ਪਵਨ ਕੁਮਾਰ ਆਪਣੀ ਪਤਨੀ, ਦੋ ਸਾਲ ਦੀ ਬੱਚੀ ਤੇ ਭਰਾ ਝੁਨੂੰ ਕੁਮਾਰ ਨਾਲ ਰਹਿੰਦਾ ਸੀ। ਦੂਜੇ ਪਰਿਵਾਰ ਵਿੱਚ ਗਾਇਤਰੀ ਦੇਵੀ ਅਪਣੇ ਪਤੀ ਨਾਲ ਰਹਿੰਦੀ ਸੀ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਵਾਂ ਪਰਿਵਾਰਾਂ ਦਾ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਕਲੇਸ਼ ਰਹਿੰਦਾ ਸੀ। ਵਾਰਦਾਤ ਵਾਲੇ ਦਿਨ ਮ੍ਰਿਤਕਾ ਦਾ ਪਤੀ ਆਪਣੇ ਕੰਮ ’ਤੇ ਗਿਆ ਸੀ ਜਦ ਕਿ ਮੁਲਜ਼ਮ ਦੋਵੇਂ ਭਰਾ ਕੰਮ ਨਾ ਮਿਲਣ ਕਾਰਨ ਆਪਣੇ ਘਰ ਹੀ ਸਨ। ਪੁਲਿਸ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਪਵਨ ਕੁਮਾਰ ਦਾ ਪੇਟ ਖ਼ਰਾਬ ਹੋਣ ਕਾਰਨ ਉਹ ਵਾਰ ਵਾਰ ਬਾਥਰੂਮ ਦੀ ਵਰਤੋਂ ਕਰ ਰਿਹਾ ਸੀ। ਦੋਵਾਂ ਪਰਿਵਾਰ ਦਾ ਬਾਥਰੂਮ ਸਾਂਝਾ ਹੋਣ ਕਾਰਨ ਗਾਇਤਰੀ ਵਿਰੋਧ ਕਰ ਰਹੀ ਸੀ।
ਇਸ ਗੱਲ ਨੂੰ ਲੈ ਕੇ ਪਵਨ ਦਾ ਔਰਤ ਨਾਲ ਤਕਰਾਰ ਹੋ ਗਈ। ਥੋੜ੍ਹੀ ਦੇਰ ਵਿਚ ਤਕਰਾਰ ਹੱਥੋਪਾਈ ਵਿੱਚ ਬਦਲ ਗਈ ਤੇ ਇਸੇ ਦੌਰਾਨ ਉਸ ਦਾ ਭਰਾ ਵੀ ਆ ਗਿਆ ਤੇ ਉਨ੍ਹਾਂ ਨੇ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਮਗਰੋਂ ਦੋਵੇਂ ਮੁਲਜ਼ਮਾਂ ਨੇ ਲਾਸ਼ ਨੂੰ ਕਮਰੇ ਵਿੱਚ ਬੰਦ ਕਰ ਬਾਹਰ ਤੋਂ ਤਾਲਾ ਲਾ ਕੇ ਪੂਰੇ ਪਰਿਵਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ। ਸ਼ਾਮ ਨੂੰ ਮ੍ਰਿਤਕਾ ਦਾ ਘਰਵਾਲਾ ਘਰ ਆਇਆ ਤੇ ਉਸ ਨੇ ਤਾਲਾ ਤੋੜ ਕੇ ਅੰਦਰ ਦੇਖਿਆ ਤਾਂ ਖੂਨ ਨਾਲ ਲੱਥਪੱਥ ਲਾਸ਼ ਬੈੱਡ ਤੇ ਪਈ ਸੀ।
ਐਸਐਸਪੀ ਮੁਹਾਲੀ ਸੰਦੀਪ ਗਰਗ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਦੋਵੇਂ ਮੁਲਜ਼ਮਾਂ ਦੀ ਪਛਾਣ ਪਵਨ ਸਿੰਘ ਰਾਣਾ ਤੇ ਉਸ ਦੇ ਭਰਾ ਝਨੂੰ ਕੁਮਾਰ ਵਾਸੀ ਪਿੰਡ ਡੁਮਰੀ, ਜ਼ਿਲ੍ਹਾ ਮੋਤੀਹਾਰੀ, ਬਿਹਾਰ ਵੱਜੋਂ ਹੋਈ ਹੈ। ਪੁਲੀਸ ਨੇ ਦਿੱਲੀ, ਹਿਮਾਚਲ ਪ੍ਰਦੇਸ਼, ਹਰਿਆਣਾ, ਤੇ ਯੂ.ਪੀ. ਦੇ ਹੋਰ ਸੂਬਿਆਂ ਦੀ ਪੁਲਿਸ ਨਾਲ ਤਾਲਮੇਲ ਕਰਕੇ ਦੋਵਾਂ ਮੁਲਜ਼ਮਾਂ ਦੇ ਕਈ ਟਿਕਾਣਿਆਂ ’ਤੇ ਛਾਪੇ ਮਾਰੇ ਤੇ ਉਨ੍ਹਾਂ ਨੂੰ ਜ਼ਿਲ੍ਹਾ ਮੋਤੀਹਾਰਾ ਬਿਹਾਰ ਤੋਂ ਕਾਬੂ ਕਰ ਲਿਆ।