Chandigarh News: ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਇੱਕ ਬਜ਼ੁਰਗ ਜੋੜੇ ਦਾ ਵਿਆਹ ਦੇ 44 ਸਾਲ ਬਾਅਦ ਤਲਾਕ ਹੋ ਗਿਆ ਹੈ। 18 ਸਾਲ ਦੀ ਕਾਨੂੰਨੀ ਲੜਾਈ ਤੋਂ ਬਾਅਦ ਦੋਹਾਂ ਨੇ ਆਪਣਾ ਰਿਸ਼ਤਾ ਖ਼ਤਮ ਕਰ ਲਿਆ ਹੈ। ਪਤੀ ਨੇ ਪਤਨੀ ਨੂੰ 3.07 ਕਰੋੜ ਰੁਪਏ ਦਾ ਪੱਕਾ ਗੁਜਾਰਾ ਦੇਣ ਦਾ ਫੈਸਲਾ ਕੀਤਾ। ਇਸ ਦੇ ਲਈ ਉਸਨੇ ਆਪਣੀ ਖੇਤੀ ਵਾਲੀ ਜ਼ਮੀਨ ਵੀ ਵੇਚ ਦਿੱਤੀ। ਇਹ ਫੈਸਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਲਸੀ ਕੇਂਦਰ ਵਿੱਚ ਹੋਇਆ।
ਪਤੀ, ਜੋ ਅਗਲੇ ਮਹੀਨੇ 70 ਸਾਲ ਦਾ ਹੋ ਜਾਵੇਗਾ ਤੇ ਉਸਦੀ 73 ਸਾਲਾ ਪਤਨੀ ਦਾ ਵਿਆਹ 27 ਅਗਸਤ, 1980 ਨੂੰ ਹੋਇਆ ਸੀ। ਉਨ੍ਹਾਂ ਦੇ ਤਿੰਨ ਬੱਚੇ, ਦੋ ਧੀਆਂ ਅਤੇ ਇੱਕ ਪੁੱਤਰ ਹੈ। ਰਿਸ਼ਤਿਆਂ 'ਚ ਖਟਾਸ ਆਉਣ ਤੋਂ ਬਾਅਦ ਦੋਵੇਂ 8 ਮਈ 2006 ਤੋਂ ਅਲੱਗ ਰਹਿ ਰਹੇ ਸਨ। ਪਤੀ ਨੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਕਰਨਾਲ ਦੀ ਫੈਮਿਲੀ ਕੋਰਟ ਵਿੱਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ। ਜਨਵਰੀ 2013 ਵਿੱਚ ਅਦਾਲਤ ਨੇ ਤਲਾਕ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਪਤੀ ਨੇ ਹਾਈ ਕੋਰਟ ਵਿੱਚ ਅਪੀਲ ਕੀਤੀ।
ਇਹ ਕੇਸ ਕਰੀਬ 11 ਸਾਲ ਲਟਕਦਾ ਰਿਹਾ। 4 ਨਵੰਬਰ ਨੂੰ ਹਾਈਕੋਰਟ ਨੇ ਮਾਮਲਾ ਸਾਲਸੀ ਕੇਂਦਰ ਨੂੰ ਭੇਜ ਦਿੱਤਾ ਸੀ। ਵਿਚੋਲਗੀ ਦੌਰਾਨ ਪਤਨੀ, ਬੱਚੇ ਤੇ ਪਤੀ 3.07 ਕਰੋੜ ਰੁਪਏ ਦੇ ਭੁਗਤਾਨ 'ਤੇ ਤਲਾਕ ਲਈ ਰਾਜ਼ੀ ਹੋ ਗਿਆ। ਪਤੀ ਨੇ ਆਪਣੀ ਜ਼ਮੀਨ ਵੇਚ ਦਿੱਤੀ ਅਤੇ 2,16,00,000 ਰੁਪਏ ਦਾ ਡਿਮਾਂਡ ਡਰਾਫਟ ਦਿੱਤਾ। 50 ਲੱਖ ਰੁਪਏ ਨਕਦ ਦਿੱਤੇ, ਜੋ ਫਸਲ ਵੇਚ ਕੇ ਕਮਾਏ ਸਨ। ਉਸ ਨੇ ਆਪਣੀ ਪਤਨੀ ਨੂੰ 40 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਵੀ ਦਿੱਤੇ।
ਸਮਝੌਤੇ ਮੁਤਾਬਕ ਪਤੀ ਨੇ ਪਤਨੀ ਨੂੰ ਕੁੱਲ 3.07 ਕਰੋੜ ਰੁਪਏ ਅਦਾ ਕੀਤੇ ਹਨ। ਇਸ ਰਕਮ ਨੂੰ ਸਥਾਈ ਗੁਜਾਰੇ ਵਜੋਂ ਮੰਨਿਆ ਜਾਵੇਗਾ। ਪਤਨੀ ਤੇ ਬੱਚਿਆਂ ਦਾ ਪਤੀ ਜਾਂ ਉਸਦੇ ਵਾਰਸਾਂ 'ਤੇ ਕੋਈ ਦਾਅਵਾ ਨਹੀਂ ਹੋਵੇਗਾ। ਪਤੀ ਦੀ ਮੌਤ ਤੋਂ ਬਾਅਦ ਵੀ ਪਤਨੀ ਤੇ ਬੱਚਿਆਂ ਦਾ ਉਸਦੀ ਜਾਇਦਾਦ 'ਤੇ ਕੋਈ ਦਾਅਵਾ ਨਹੀਂ ਹੋਵੇਗਾ। ਜਾਇਦਾਦ ਨੂੰ ਵਿਰਾਸਤ ਦੇ ਨਿਯਮਾਂ ਅਨੁਸਾਰ ਵੰਡਿਆ ਜਾਵੇਗਾ, ਜਿਸ ਵਿੱਚ ਪਤਨੀ ਅਤੇ ਬੱਚੇ ਸ਼ਾਮਲ ਨਹੀਂ ਹੋਣਗੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।