Chandigarh News: ਚੰਡੀਗੜ੍ਹ ਨੂੰ ਇਦਾਂ ਹੀ ਨਹੀਂ ਸਿਟੀ ਬਿਊਟੀਫੁੱਲ ਕਿਹਾ ਜਾਂਦਾ ਹੈ, ਇਸ ਨੂੰ ਸੋਹਣਾ ਬਣਾਉਣ ਪਿੱਛੇ ਕਈ ਲੋਕਾਂ ਦੀ ਅਹਿਮ ਭੂਮਿਕਾ ਹੈ। ਸ਼ਹਿਰ ਜੇਕਰ ਸਾਫ ਹੈ ਤਾਂ ਉਸ ਵਿੱਚ ਸਿਰਫ ਪ੍ਰਸ਼ਾਸਨ ਹੀ ਨਹੀਂ ਸਗੋਂ ਲੋਕਾਂ ਦਾ ਵੀ ਅਹਿਮ ਰੋਲ ਹੈ। ਉੱਥੇ ਹੀ ਇਸ ਗੱਲ ਨੂੰ ਸਹੀ ਸਾਬਤ ਕਰ ਰਹੇ ਹਨ 88 ਸਾਲਾ IPS ਇੰਦਰਜੀਤ ਸਿੰਘ ਸਿੱਧੂ। ਇਹੀ ਕਾਰਨ ਹੈ ਕਿ ਚੰਡੀਗੜ੍ਹ ਨੂੰ ਸਵੱਛ ਸਰਵੇਖਣ 2024-25 ਦੀ ਰੈਂਕਿੰਗ ਵਿੱਚ ਦੂਜਾ ਸਥਾਨ ਮਿਲਿਆ ਹੈ।

ਪੰਜਾਬ ਪੁਲਿਸ ਤੋਂ ਰਿਟਾਇਰਡ ਡੀਆਈਜੀ ਸੀਆਈਡੀ ਇੰਦਰਜੀਤ ਸਿੰਘ ਸਿੱਧੂ ਚੰਡੀਗੜ੍ਹ ਦੇ ਸੈਕਟਰ 49 ਵਿੱਚ ਰਹਿੰਦੇ ਹਨ ਅਤੇ 88 ਸਾਲ ਦੀ ਉਮਰ ਵਿੱਚ ਵੀ ਉਹ ਸ਼ਹਿਰ ਨੂੰ ਸਾਫ਼ ਰੱਖਣ ਲਈ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਇੰਦਰਜੀਤ ਸਿੰਘ ਸਿੱਧੂ ਇਸ ਉਮਰ ਵਿੱਚ ਵੀ ਆਪਣੇ ਇਲਾਕੇ ਦੀ ਸਫਾਈ ਵਿੱਚ ਰੁੱਝੇ ਹੋਏ ਹਨ। ਉਹ ਕਹਿੰਦੇ ਹਨ ਕਿ ਜਿੰਨਾ ਚਿਰ ਮੈਂ ਸਰੀਰਕ ਤੌਰ 'ਤੇ ਤੰਦਰੁਸਤ ਹਾਂ, ਮੈਂ ਸਫਾਈ ਕਰਦਾ ਰਹਾਂਗਾ।

ਸੇਵਾਮੁਕਤ ਆਈਪੀਐਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਸ਼ਹਿਰ ਦੀ ਪੜ੍ਹੀ-ਲਿਖੀ ਆਬਾਦੀ ਸ਼ਹਿਰ ਨੂੰ ਗੰਦਾ ਕਰ ਰਹੀ ਹੈ। ਲੋਕ ਵੱਡੀਆਂ ਅਤੇ ਮਹਿੰਗੀਆਂ ਗੱਡੀਆਂ ਤੋਂ ਸੜਕ 'ਤੇ ਕੂੜਾ ਸੁੱਟ ਦਿੰਦੇ ਹਨ। ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ। ਕਿਉਂਕਿ ਲੋਕ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਹੇ।

ਇੰਦਰਜੀਤ ਸਿੰਘ ਸਿੱਧੂ ਸੈਕਟਰ-49 ਵਿੱਚ ਸਥਿਤ IAS/IPS ਸੋਸਾਇਟੀ ਵਿੱਚ ਰਹਿੰਦੇ ਹਨ। ਉਹ ਦਿਨ ਭਰ ਆਪਣੀ ਸੋਸਾਇਟੀ ਅਤੇ ਇਸਦੇ ਆਲੇ-ਦੁਆਲੇ ਦੀ ਸਫਾਈ ਕਰਦੇ ਰਹਿੰਦੇ ਹਨ। ਜਿੱਥੇ ਵੀ ਉਹ ਕੂੜਾ ਵੇਖਦੇ ਹਨ, ਉਹ ਉਸਨੂੰ ਚੁੱਕਣਾ ਸ਼ੁਰੂ ਕਰ ਦਿੰਦੇ ਹੈ। ਉੱਥੋਂ ਲੰਘਣ ਵਾਲੇ ਲੋਕ ਉਨ੍ਹਾਂ ਦੀ ਵੀਡੀਓ ਬਣਾਉਂਦੇ ਹਨ, ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਇੰਦਰਜੀਤ ਸਿੰਘ ਸਿੱਧੂ ਇੱਕ ਸੇਵਾਮੁਕਤ IPS ਅਧਿਕਾਰੀ ਹਨ।

ਇੰਦਰਜੀਤ ਸਿੰਘ ਸਿੱਧੂ ਕਹਿੰਦੇ ਹਨ ਕਿ ਪਿਛਲੇ ਕਈ ਸਾਲਾਂ ਤੋਂ ਚੰਡੀਗੜ੍ਹ ਰੈਂਕਿੰਗ ਵਿੱਚ ਪਛੜ ਰਿਹਾ ਸੀ। ਇਸ ਵਾਰ ਸੁਣਨ ਵਿੱਚ ਆਇਆ ਹੈ ਕਿ ਚੰਡੀਗੜ੍ਹ ਦੂਜੇ ਸਥਾਨ 'ਤੇ ਆਇਆ ਹੈ। ਉਹ ਚਾਹੁੰਦੇ ਹਨ ਕਿ ਸਾਡਾ ਸ਼ਹਿਰ ਚੰਡੀਗੜ੍ਹ ਦੇਸ਼ ਵਿੱਚ ਪਹਿਲੇ ਸਥਾਨ 'ਤੇ ਆਵੇ। ਬਚਪਨ ਤੋਂ ਹੀ ਸਾਨੂੰ ਸਿਖਾਇਆ ਜਾਂਦਾ ਸੀ ਕਿ Cleanness Is Next To Guideliness ਪਰ ਹੁਣ ਉਲਟਾ ਹੈ। ਲੋਕ ਗੰਦਗੀ ਫੈਲਾ ਰਹੇ ਹਨ। ਇੰਨਾ ਹੀ ਨਹੀਂ, ਜਦੋਂ ਮੈਂ ਗੰਦ ਚੁੱਕਦਾ ਹਾਂ, ਤਾਂ ਉਹ ਮੈਨੂੰ ਕਹਿੰਦੇ ਹਨ – ਇਸ ਦਾ ਦਿਮਾਗ ਹਿੱਲਿਆ ਹੋਇਆ ਹੈ।