Chandigarh News: ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਕਰਕੇ ਬੰਦ ਕੀਤੀਆਂ ਸੜਕਾਂ ਨੂੰ ਖੋਲ੍ਹਿਆ ਜਾ ਰਿਹਾ ਹੈ। ਇਸ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਆਉਣ ਲੱਗਾ ਹੈ। ਇਸ ਸਬੰਧੀ ਕੁਰੂਕਸ਼ੇਤਰ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੇ ਸੱਦੇ ਕਾਰਨ ਸ਼ਾਹਬਾਦ ਮਾਰਕੰਡਾ ਪੁਲ ਬੰਦ ਕਰ ਦਿੱਤਾ ਗਿਆ ਸੀ। ਹੁਣ ਦਿੱਲੀ ਤੋਂ ਚੰਡੀਗੜ੍ਹ ਜਾਣ ਵਾਲੇ ਮਾਰਕੰਡਾ ਪੁਲ 'ਤੇ ਸਰਵਿਸ ਰੋਡ ਨੂੰ ਖੋਲ੍ਹ ਦਿੱਤਾ ਗਿਆ ਹੈ। ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ...
1. ਦਿੱਲੀ-ਕਰਨਾਲ ਤੋਂ ਅੰਬਾਲਾ ਜਾਣ ਵਾਲੇ ਵਾਹਨ ਨੈਸ਼ਨਲ ਹਾਈਵੇ-44 ਤੋਂ ਸਿੱਧੇ ਅੰਬਾਲਾ ਜਾ ਸਕਦੇ ਹਨ।
2. ਦਿੱਲੀ-ਕਰਨਾਲ ਤੋਂ ਚੰਡੀਗੜ੍ਹ, ਪੰਚਕੂਲਾ ਜਾਣ ਵਾਲੇ ਵਾਹਨ ਕੁਰੂਕਸ਼ੇਤਰ-ਸ਼ਾਹਾਬਾਦ, ਸਾਹਾ ਰਾਹੀਂ ਪੰਚਕੂਲਾ-ਚੰਡੀਗੜ੍ਹ ਵੱਲ ਜਾ ਸਕਦੇ ਹਨ।
3. ਪੰਚਕੂਲਾ-ਚੰਡੀਗੜ੍ਹ, ਅੰਬਾਲਾ ਤੋਂ ਦਿੱਲੀ ਵੱਲ ਜਾਣ ਵਾਲੇ ਵਾਹਨ ਪਹਿਲਾਂ ਵਾਂਗ ਬਰਾੜਾ-ਦੋਸੜਕਾ ਰੋਡ ਤੋਂ ਸ਼ਾਹਬਾਦ ਤੋਂ NH-44 ਤੋਂ ਕੁਰੂਕਸ਼ੇਤਰ-ਕਰਨਾਲ ਦੇ ਰਸਤੇ ਦਿੱਲੀ ਵੱਲ ਜਾ ਸਕਦੇ ਹਨ।
ਦੱਸ ਦਈਏ ਕਿ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਨਾਲ ਲੱਗਦੀ ਕੁਰੂਕਸ਼ੇਤਰ ਦੀ ਸਰਹੱਦ ਨੂੰ ਕੁਰੂਕਸ਼ੇਤਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਦ ਕਰ ਦਿੱਤਾ ਸੀ। ਇਸ ਦੇ ਨਾਲ ਹੀ ਨੈਸ਼ਨਲ ਹਾਈਵੇਅ 44 'ਤੇ ਸ਼ਾਹਬਾਦ ਨੇੜੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰੀ ਬੈਰੀਕੇਡਿੰਗ ਵੀ ਕੀਤੀ ਗਈ ਸੀ, ਤਾਂ ਜੋ ਜੇਕਰ ਕਿਸਾਨ ਪੰਜਾਬ ਤੇ ਹਰਿਆਣਾ ਦੀ ਸਰਹੱਦ ਪਾਰ ਕਰਕੇ ਇਸ ਪਾਸੇ ਤੋਂ ਆਉਂਦੇ ਹਨ ਤਾਂ ਉਨ੍ਹਾਂ ਨੂੰ ਸ਼ਾਹਬਾਦ ਵਿੱਚ ਹੀ ਰੋਕਿਆ ਜਾ ਸਕੇ। ਹੁਣ ਨੈਸ਼ਨਲ ਹਾਈਵੇਅ 44 ’ਤੇ ਸਰਵਿਸ ਲੇਨ ’ਤੇ ਕੀਤੀ ਗਈ ਬੈਰੀਕੇਡਿੰਗ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੋਮਵਾਰ ਨੂੰ ਖੋਲ੍ਹ ਦਿੱਤਾ ਗਿਆ ਹੈ।
ਮੌਕੇ 'ਤੇ ਤਾਇਨਾਤ ਇੰਸਪੈਕਟਰ ਸੁਖਦੇਵ ਨੇ ਦੱਸਿਆ ਕਿ ਆਸ-ਪਾਸ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਕਾਰਨ ਪ੍ਰਸ਼ਾਸਨ ਦੇ ਹੁਕਮਾਂ ਤੋਂ ਬਾਅਦ ਜੇਸੀਬੀ ਮਸ਼ੀਨ ਨਾਲ ਸਰਵਿਸ ਲਾਈਨ ਖੋਲ੍ਹ ਦਿੱਤੀ ਗਈ ਹੈ, ਜਦਕਿ ਨੈਸ਼ਨਲ ਹਾਈਵੇ 44 ਦੀ ਮੇਨ ਲਾਈਨ ਅਜੇ ਵੀ ਬੰਦ ਹੈ।