ਅਸ਼ਰਫ ਢੁੱਡੀ ਦੀ ਰਿਪੋਰਟ
Farmers Protest: ਕਿਸਾਨ ਚੰਡੀਗੜ੍ਹ ਦੀਆਂ ਹੱਦਾਂ 'ਤੇ ਆਣ ਡਟੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਅੱਜ ਤੋਂ ਤਿੰਨ ਰੋਜ਼ਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਮੋਹਾਲੀ ਦੇ 11 ਫੇਸ ਵਿੱਚ ਕਿਸਾਨਾਂ ਵੱਲੋਂ ਸਟੇਜ ਸਜਾ ਲਈ ਗਈ ਗਈ ਹੈ। ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਸਬੰਧਤ ਵੱਡੀ ਗਿਣਤੀ ਕਿਸਾਨ ਮੁਹਾਲੀ ਟਰਾਲੀਆਂ ਭਰ ਕੇ ਪਹੁੰਚ ਰਹੇ ਹਨ।
ਕਿਸਾਨਾਂ ਦੀਆਂ ਮੁੱਖ ਮੰਗਾਂ ਹਨ ਕਿ ਕੇਂਦਰ ਸਰਕਾਰ ਐਮਐਸਪੀ ਨੂੰ ਕਾਨੂੰਨੀ ਅਧਿਕਾਰ ਦੇਵੇ, ਬਿਜਲੀ ਸੋਧ ਬਿੱਲ ਨੂੰ ਵਾਪਸ ਲਵੇ। ਪੰਜਾਬ ਸਰਕਾਰ ਤੋਂ ਮੰਗ ਹੈ ਕਿ ਹੜ੍ਹਾਂ ਵਿੱਚ ਨੁਕਸਾਨੀਆਂ ਗਈਆਂ ਫਸਲਾਂ ਦਾ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇ। ਇਸ ਤੋਂ ਇਲਾਵਾ ਕਿਸਾਨਾਂ ਦੀ ਮੁੱਖ ਮੰਗ ਹੈ ਕਿ ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ ਜਲਦ ਦਿੱਤਾ ਜਾਏ।
ਉਧਰ, ਮੁਹਾਲੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਅੱਜ ਚੰਡੀਗੜ੍ਹ ਵੱਲ ਮਾਰਚ ਕਰਨ ਦਾ ਫੈਸਲਾ ਟਾਲ ਦਿੱਤਾ ਹੈ। ਕਿਸਾਨ ਲੀਡਰਾਂ ਨੇ ਦੱਸਿਆ ਕਿ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸਮੂਹ ਕਿਸਾਨ ਏਅਰਪੋਰਟ ਰੋਡ ਧਰਨੇ ਵਾਲੀ ਥਾਂ ’ਤੇ ਇਕੱਠੇ ਹੋਣਗੇ। ਸੋਮਵਾਰ ਸਵੇਰੇ ਇੱਥੇ ਮੀਟਿੰਗ ਹੋਵੇਗੀ। ਮੀਟਿੰਗ ਵਿੱਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਕਿਸਾਨਾਂ ਨੇ 3 ਦਿਨ ਯਾਨੀ 28 ਨਵੰਬਰ ਤੱਕ ਧਰਨਾ ਦੇਣ ਦਾ ਐਲਾਨ ਕੀਤਾ ਹੈ। ਦਿੱਲੀ ਦੇ ਸਿੰਘੂ-ਟਿਕਰੀ ਬਾਰਡਰ 'ਤੇ ਹੋਏ ਅੰਦੋਲਨ ਵਾਂਗ ਕਿਸਾਨ ਪੂਰਾ ਸਾਮਾਨ ਲੈ ਕੇ ਪਹੁੰਚੇ ਹਨ।
ਇਹ ਵੀ ਪੜ੍ਹੋ: Farmer Protest: ਕਿਸਾਨਾਂ ਨੇ ਚੰਡੀਗੜ੍ਹ ਨੂੰ ਪਾਇਆ ਘੇਰਾ ! ਲੋਕ ਹੋ ਰਹੇ ਨੇ ਖੱਜਲ ਖੁਆਰ, ਜਾਣੋ ਕੀ ਹਨ ਮੰਗਾਂ ?
ਕਿਸਾਨ ਕੇਂਦਰ ਸਰਕਾਰ 'ਤੇ ਆਪਣੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਨੇ ਅੰਦੋਲਨ ਦੌਰਾਨ ਜਿਨ੍ਹਾਂ ਗੱਲਾਂ ਲਈ ਸਹਿਮਤੀ ਦਿੱਤੀ ਸੀ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ। ਖਾਸ ਕਰਕੇ ਘੱਟੋ-ਘੱਟ ਸਮਰਥਨ ਮੁੱਲ ਤੇ ਕਿਸਾਨਾਂ ਵਿਰੁੱਧ ਦਰਜ ਕੀਤੇ ਕੇਸ ਵਾਪਸ ਨਹੀਂ ਲਏ ਗਏ। ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਵੀ ਪੁਲਿਸ ਉਨ੍ਹਾਂ ਨੂੰ ਰੋਕੇਗੀ, ਉਹ ਉੱਥੇ ਧਰਨਾ ਸ਼ੁਰੂ ਕਰ ਦੇਣਗੇ।
ਇਸ ਦੇ ਨਾਲ ਹੀ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਪੁਲਿਸ ਨੇ ਪੂਰੀ ਤਾਇਨਾਤੀ ਕੀਤੀ ਹੈ। ਮੁਹਾਲੀ ਤੇ ਪੰਚਕੂਲਾ ਤੋਂ ਆਉਣ ਵਾਲੇ ਰਸਤਿਆਂ ’ਤੇ ਚੰਡੀਗੜ੍ਹ ਪੁਲਿਸ ਤਾਇਨਾਤ ਹੈ। ਮੁਹਾਲੀ ਵਿੱਚ ਵੀ ਬੈਰੀਕੇਡਿੰਗ ਲਗਾ ਕੇ ਨੀਮ ਫ਼ੌਜੀ ਬਲ ਤਾਇਨਾਤ ਕੀਤੇ ਗਏ ਹਨ।