Punjab News: ਏਲਾਂਤੇ ਮਾਲ ਦੀ ਬੇਸਮੈਂਟ ਪਾਰਕਿੰਗ ਤੋਂ ਫਾਰਚੂਨਰ ਲੈਣ ਆਏ ਨੈਕਸਾ ਕੰਪਨੀ ਦੇ ਇੱਕ ਵੈਲੇਟ ਕਰਮਚਾਰੀ ਤੋਂ ਗੋਲੀ ਚੱਲ ਗਈ, ਜਿਸ ਕਾਰਨ ਗੋਲੀ ਖਿੜਕੀ 'ਚੋਂ ਲੰਘ ਕੇ ਸਾਈਡ ’ਤੇ ਖੜ੍ਹੀ ਵੋਲਵੋ ਕਾਰ 'ਚ ਜਾ ਵੱਜੀ।
ਗੋਲੀ ਚੱਲਣ ਕਰਕੇ ਫੈਲੀ ਦਹਿਸ਼ਤ
ਇਸ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਕਰਮਚਾਰੀ ਨੇ ਮਾਲਕ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਜਾਂਚ ਦੌਰਾਨ ਫੋਰੈਂਸਿਕ ਮੋਬਾਇਲ ਟੀਮ ਨੇ ਖੋਲ ਬਰਾਮਦ ਕੀਤਾ। ਦਰਅਸਲ ਚਰਨਜੀਤ ਸਿੰਘ ਮੰਗਲਵਾਰ ਸ਼ਾਮ ਨੂੰ ਆਪਣੇ ਦੋਸਤ ਨਾਲ ਏਲਾਂਤੇ ਮਾਲ ਸਥਿਤ ਨੇਕਸਾ ਕੰਪਨੀ ਤੋਂ ਕਾਰ ਖਰੀਦਣ ਆਇਆ ਸੀ। ਉਨ੍ਹਾਂ ਨੇ ਫਾਰਚੂਨਰ ਕਾਰ ਪਾਰਕਿੰਗ ਕਰਨ ਲਈ ਨੈਕਸਾ ਦੇ ਵੈਲੇਟ ਕਰਮਚਾਰੀ ਰਾਮਦਰਬਾਰ ਨਿਵਾਸੀ ਸਾਹਿਲ ਨੂੰ ਦਿੱਤੀ ਸੀ।
ਪੁਲਿਸ ਨੂੰ ਦਿੱਤੀ ਘਟਨਾ ਦੀ ਜਾਣਕਾਰੀ
ਸਾਹਿਲ ਨੇ ਕਾਰ ਬੇਸਮੈਂਟ 'ਚ ਖੜ੍ਹੀ ਕੀਤੀ ਅਤੇ ਵਾਪਸ ਆ ਗਿਆ। ਕਰੀਬ ਇੱਕ ਘੰਟੇ ਬਾਅਦ ਚਰਨਜੀਤ ਨੇ ਕਾਰ ਮੰਗਵਾਈ, ਤਾਂ ਗਿਅਰਬਾਕਸ ਦੇ ਕੋਲ ਪਈ ਪਿਸਤੌਲ ਨੂੰ ਸਾਹਿਲ ਦੇਖਣ ਲੱਗਿਆ। ਇਸ ਦੌਰਾਨ ਉਸ ਕੋਲੋਂ ਟਰਿੱਗਰ ਦੱਬ ਗਿਆ, ਜਿਸ ਤੋਂ ਬਾਅਦ ਗੋਲੀ ਖਿੜਕੀ ਵਿਚੋਂ ਲੰਘ ਕੇ ਨੇੜੇ ਖੜ੍ਹੀ ਵੋਲਵੋ 'ਚ ਜਾ ਵੱਜੀ। ਗੋਲੀ ਦੀ ਆਵਾਜ਼ ਕਾਰਨ ਹਫੜਾ-ਦਫੜੀ ਮੱਚ ਗਈ ਅਤੇ ਇਸ ਤੋਂ ਬਾਅਦ ਸਾਹਿਲ ਨੇ ਫਾਰਚੂਨਰ ਮਾਲਕ ਨੂੰ ਦੇ ਦਿੱਤੀ, ਨਾਲ ਹੀ ਘਟਨਾ ਬਾਰੇ ਕੰਪਨੀ ਦੇ ਮਾਲਕ ਨੂੰ ਦੱਸਿਆ। ਕੰਪਨੀ ਦੇ ਮਾਲਕ ਦੇ ਕਹਿਣ ’ਤੇ ਸਾਹਿਲ ਨੇ ਖ਼ੁਦ ਪੁਲਿਸ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ। ਉਨ੍ਹਾਂ ਨੇ ਸਾਹਿਲ ਤੋਂ ਪੁੱਛਗਿੱਛ ਕੀਤੀ। ਸਾਹਿਲ ਨੇ ਕਿਹਾ ਕਿ ਪਿਸਤੌਲ ਚੁੱਕਦੇ ਸਮੇਂ ਅਚਾਨਕ ਗੋਲੀ ਚੱਲ ਗਈ।
ਮਾਮਲੇ ਦੀ ਗੰਭੀਰਤਾ ਨਾਲ ਕੀਤੀ ਜਾ ਰਹੀ ਜਾਂਚ
ਜਦੋਂ ਪੁਲਿਸ ਨੇ ਚਰਨਜੀਤ ਸਿੰਘ ਤੋਂ ਉਸ ਦਾ ਪਿਸਤੌਲ ਲਾਇਸੈਂਸ ਮੰਗਿਆ ਤਾਂ ਆਲ ਇੰਡੀਆ ਲਾਇਸੈਂਸ ਮਿਲਿਆ। ਡੀ. ਐੱਸ. ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਕਾਰ ਲੈਣ ਗਏ ਨੌਜਵਾਨ ਤੋਂ ਗਲਤੀ ਨਾਲ ਗੋਲੀ ਚਲੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ। ਦੂਜੇ ਪਾਸੇ ਮਾਲ ਪ੍ਰਬੰਧਕਾਂ ਨੇ ਕਿਹਾ ਕਿ ਇਹ ਘਟਨਾ ਨੈਕਸਾ ਨੂੰ ਅਲਾਟ ਕੀਤੀ ਗਈ ਪਾਰਕਿੰਗ ਜਗ੍ਹਾ 'ਚ ਵਾਪਰੀ ਹੈ ਅਤੇ ਇਸ ਲਈ ਮਾਲ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਹਾਲਾਂਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਾਂ। ਮਾਲ 'ਚ ਆਉਣ ਵਾਲੇ ਸਾਰੇ ਸੈਲਾਨੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਸਭ ਤੋਂ ਵੱਡੀ ਤਰਜ਼ੀਹ ਹੈ।