Chandigarh News: ਗੈਂਗਸਟਰ ਤਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਬੁੱਧਵਾਰ ਸਵੇਰੇ ਪੰਜਾਬ ਦੇ ਜ਼ੀਰਕਪੁਰ 'ਚ ਪੁਲਿਸ ਮੁਕਾਬਲੇ 'ਚ ਜ਼ਖਮੀ ਹੋ ਗਿਆ। ਪੁਲਿਸ ਮੁਤਾਬਕ ਹਿਰਾਸਤ 'ਚੋਂ ਭੱਜਣ ਦੀ ਕੋਸ਼ਿਸ਼ ਦੌਰਾਨ ਉਸ ਨੇ ਫਾਇਰਿੰਗ ਕੀਤੀ। ਕਰਾਸ ਫਾਇਰਿੰਗ ਵਿੱਚ ਪੁਲਿਸ ਨੇ ਉਸ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਉਸ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ। ਜੱਸਾ ਹੈਪੋਵਾਲ ਨਵਾਂਸ਼ਹਿਰ ਦੇ ਬੰਗਾ ਦੇ ਪਿੰਡ ਹੈਪੋਵਾਲ ਦਾ ਰਹਿਣ ਵਾਲਾ ਹੈ।
ਪੁਲਿਸ ਮੁਕਾਬਲੇ ਮਗਰੋਂ ਗੈਂਗਸਟਰ ਜੱਸਾ ਹੈਪੋਵਾਲ ਦੀ ਮਾਂ ਰਮਨਦੀਪ ਕੌਰ ਦਾ ਦਾਰਦ ਸਾਹਮਣੇ ਆਇਆ ਹੈ। ਉਸ ਨੇ ਕਿਹਾ ਹੈ ਕਿ ਅਸੀਂ ਉਸ ਨੂੰ 2019 ਵਿੱਚ ਹੀ ਬੇਦਖਲ ਕਰ ਦਿੱਤਾ ਸੀ। ਉਸ ਤੋਂ ਬਾਅਦ ਉਹ ਕਦੇ ਵਾਪਸ ਨਹੀਂ ਆਇਆ। ਗੈਂਗਸਟਰ ਦੀ ਮਾਂ ਨੇ ਦੱਸਿਆ ਕਿ ਉਸ ਨੂੰ ਵਿਦੇਸ਼ ਭੇਜਣ ਲਈ ਜੋ ਕਰਜ਼ਾ ਅਸੀਂ ਲਿਆ ਸੀ, ਉਹ ਅੱਜ ਤੱਕ ਵਾਪਸ ਕਰ ਰਹੇ ਹਨ। ਉਸ ਦਾ ਛੋਟਾ ਭਰਾ ਇਸ ਸਮੇਂ ਕੈਨੇਡਾ ਵਿੱਚ ਹੈ।
ਗੈਂਗਸਟਰ ਦੀ ਮਾਂ ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਸਹੁਰਾ ਘਰ ਫਿਲੌਰ ਦੇ ਪਿੰਡ ਪਾਲਾ ਵਿੱਚ ਹੈ। ਉਹ 2008 ਤੋਂ ਆਪਣੇ ਪੇਕਿਆਂ ਦੇ ਘਰ ਹੀ ਰਹਿ ਰਹੀ ਹੈ। ਉਸ ਦੇ ਦੋ ਪੁੱਤਰ ਹਨ। ਜੱਸਾ ਵੱਡਾ ਹੈ ਜੋ ਗਲਤ ਰਾਹ ਪੈ ਗਿਆ ਜਦਕਿ ਛੋਟਾ ਪੁੱਤਰ ਕੈਨੇਡਾ ਰਹਿੰਦਾ ਹੈ। ਉਸ ਨੇ ਦੱਸਿਆ ਕਿ ਜੱਸਾ ਪੜ੍ਹਾਈ ਵਿੱਚ ਬਹੁਤ ਤੇਜ਼ ਸੀ। ਉਸ ਦਾ ਸੁਭਾਅ ਵੀ ਚੰਗਾ ਸੀ।
ਉਸ ਨੇ ਦੱਸਿਆ ਕਿ ਸੀਬੀਐਸਈ ਬੋਰਡ ਵਿੱਚ ਪੜ੍ਹਦਿਆਂ ਜੱਸਾ 80-85% ਅੰਕ ਪ੍ਰਾਪਤ ਕਰਦਾ ਸੀ। ਉਸ ਨੂੰ ਪੜ੍ਹਾਈ ਤੋਂ ਬਾਅਦ ਸਾਈਪ੍ਰਸ ਭੇਜ ਦਿੱਤਾ। ਇਸ ਲਈ ਕਰਜ਼ਾ ਵੀ ਲਿਆ। ਇਸ ਦੌਰਾਨ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਉਹ ਸਾਈਪ੍ਰਸ ਤੋਂ ਵਾਪਸ ਆ ਗਿਆ।
ਰਮਨਦੀਪ ਨੇ ਦੱਸਿਆ ਕਿ ਗੁਰਿੰਦਰ ਪਹਿਲਵਾਨ ਨਾਂ ਦੇ ਵਿਅਕਤੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਜੱਸੇ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਹ ਅਪਰਾਧ ਦੀ ਦੁਨੀਆ ਵਿੱਚ ਚਲਾ ਗਿਆ। ਉਸ 'ਤੇ ਕਈ ਮਾਮਲੇ ਦਰਜ ਹਨ। ਜਦੋਂ ਵੀ ਉਹ ਕੋਈ ਜੁਰਮ ਕਰਦਾ ਤਾਂ ਪੁਲਿਸ ਸਾਨੂੰ ਫੜ ਕੇ ਲੈ ਜਾਂਦੀ। ਇਸ ਕਾਰਨ ਉਸ ਨੂੰ 2019 ਵਿੱਚ ਘਰੋਂ ਕੱਢ ਦਿੱਤਾ।
ਰਮਨਦੀਪ ਕੌਰ ਨੇ ਦੱਸਿਆ ਕਿ ਬੇਦਖਲੀ ਤੋਂ ਬਾਅਦ ਉਸ ਨੇ ਜੱਸਾ ਨਾਲ ਗੱਲ ਨਹੀਂ ਕੀਤੀ। ਇਸ ਵਿਚਕਾਰ ਮੈਨੂੰ ਡੇਂਗੂ ਹੋ ਗਿਆ ਪਰ ਉਹ ਮੈਨੂੰ ਮਿਲਣ ਨਹੀਂ ਆਇਆ। ਜੱਸਾ ਦੇ ਵਿਦੇਸ਼ 'ਚ ਬੈਠੇ ਅੱਤਵਾਦੀ ਹਰਵਿੰਦਰ ਰਿੰਦਾ ਤੇ ਗੈਂਗਸਟਰ ਸੋਨੂੰ ਖੱਤਰੀ ਨਾਲ ਸਬੰਧਾਂ 'ਤੇ ਉਸ ਕਿਹਾ ਕਿ ਮੈਨੂੰ ਇਸ ਬਾਰੇ ਨਹੀਂ ਪਤਾ। ਸਾਡੇ ਕੋਲ ਉਸ ਦਾ ਸੰਪਰਕ ਨੰਬਰ ਵੀ ਨਹੀਂ।