Chandigarh News: ਚੰਡੀਗੜ੍ਹ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵੀਰਵਾਰ ਨੂੰ ਮੇਅਰ ਸਰਬਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਨਾਲ ਸਬੰਧਤ ਕਰੋੜਾਂ ਰੁਪਏ ਦੇ ਅਨੁਮਾਨਤ ਖਰਚੇ ਨੂੰ ਵੀ ਪ੍ਰਵਾਨਗੀ ਦਿੱਤੀ। ਇਸ ਮੌਕੇ ਇੱਥੇ ਸੈਕਟਰ 33 ਸਥਿਤ ਟੈਰੇਸਡ ਗਾਰਡਨ ਵਿੱਚ ਇਸ ਸਾਲ 2 ਤੋਂ 4 ਦਸੰਬਰ ਤੱਕ ‘ਗੁਲਦਾਉਦੀ ਸ਼ੋਅ’ ਕਰਵਾਉਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ।


ਕਮੇਟੀ ਮੈਂਬਰਾਂ ਨੇ ਡੱਡੂਮਾਜਰਾ ਕਲੋਨੀ ਪਾਰਕਾਂ ਦੇ ਵਿਕਾਸ ਲਈ 11 ਲੱਖ 83 ਹਜ਼ਾਰ ਰੁਪਏ, ਬਾਗਬਾਨੀ ਡਿਵੀਜ਼ਨ ਨੰਬਰ 2 ਦੇ ਅਧਿਕਾਰ ਖੇਤਰ ਅਧੀਨ ਵੱਖ-ਵੱਖ ਕਮਿਊਨਿਟੀ ਸੈਂਟਰਾਂ ਦੇ ਵਿਕਾਸ ਕਾਰਜਾਂ ਲਈ 22 ਲੱਖ 43 ਹਜ਼ਾਰ ਰੁਪਏ, ਸੈਕਟਰ 45-ਸੀ ਦੇ ਪਾਰਕ ਵਿੱਚ ਸੈਰ-ਸਪਾਟਾ ਟਰੈਕ 10 ਲਈ 78 ਲੱਖ ਰੁਪਏ, ਸੈਕਟਰ 2, 3, 4 ਤੇ 5, ਚੰਡੀਗੜ੍ਹ ਵਿੱਚ ਵੱਖ-ਵੱਖ ਪਾਰਕਾਂ ਦੇ ਵਿਕਾਸ ਲਈ 46 ਲੱਖ 29 ਰੁਪਏ ਦੇ ਫੈਸਲਿਆਂ ਉੱਪਰ ਮੋਹਰ ਲਾਈ।


ਇਸ ਤੋਂ ਇਲਾਵਾ ਬਾਗਬਾਨੀ ਡਿਵੀਜ਼ਨ ਨੰਬਰ 1 ਦੇ ਅਧਿਕਾਰ ਖੇਤਰ ਦੇ ਅਧੀਨ ਵੱਖ-ਵੱਖ ਕਮਿਊਨਿਟੀ ਸੈਂਟਰਾਂ ਦੇ ਵਿਕਾਸ ਲਈ 25 ਲੱਖ 99 ਹਜ਼ਾਰ, ਸੈਕਟਰ 15, 16 ਅਤੇ 24 ਚੰਡੀਗੜ੍ਹ ਦੇ ਵੱਖ-ਵੱਖ ਪਾਰਕਾਂ ਦੇ ਵਿਕਾਸ ਲਈ 46 ਲੱਖ 67 ਹਜ਼ਾਰ ਰੁਪਏ, ਰੋਜ਼ ਗਾਰਡਨ ਵਿੱਚ ਵਿਸ਼ੇਸ਼ ਡਿਜ਼ਾਈਨ ਵਾਲੇ ਫੁਹਾਰੇ ਅਤੇ ਹੋਰ ਮੁਰੰਮਤ ਕਾਰਜਾਂ ਲਈ 49 ਲੱਖ 56 ਹਜ਼ਾਰ ਰੁਪਏ, ਸੈਕਟਰ 15, ਚੰਡੀਗੜ੍ਹ ਦੇ ਵੱਖ-ਵੱਖ ਪਾਰਕਾਂ ਦੇ ਵਿਕਾਸ ਕਾਰਜਾਂ ਲਈ 36 ਲੱਖ 59 ਹਜ਼ਾਰ ਰੁਪਏ ਮਨਜ਼ੂਰ ਕੀਤੇ ਗਏ।


ਇਹ ਵੀ ਪੜ੍ਹੋ: Amritsar News: ਬੀਬੀ ਜਗੀਰ ਕੌਰ ਨੇ ਸੁਖਬੀਰ ਬਾਦਲ ਸਾਹਮਣੇ ਖੜ੍ਹਾ ਕੀਤਾ ਸੰਕਟ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਹੋਣਗੇ ਟਾਕਰੇ?


ਇਸੇ ਤਰ੍ਹਾਂ ਸੈਕਟਰ 16 ਤੇ 24 ਦੇ ਵੱਖ-ਵੱਖ ਪਾਰਕਾਂ ਦੇ ਵਿਕਾਸ ਕਾਰਜਾਂ ਲਈ 48 ਲੱਖ 31 ਹਜ਼ਾਰ ਰੁਪਏ, ਸ਼ਨੀ ਮੰਦਿਰ ਮਨੀਮਾਜਰਾ ਨੇੜੇ ਟੀ-ਪੁਆਇੰਟ ’ਤੇ ਸੜਕ ਨੂੰ ਚੌੜਾ ਕਰਨ ਲਈ ਸਬੰਧੀ ਕਾਰਜਾਂ ਲਈ 39 ਲੱਖ ਰੁਪਏ 51 ਰੁਪਏ, ਉਦਯੋਗਿਕ ਖੇਤਰ ਫੇਜ਼-1 ਵਿੱਚ ਪੋਲਟਰੀ ਫਾਰਮ ਅਤੇ ਭੂਸ਼ਣ ਫੈਕਟਰੀ ਦੇ ਸਾਹਮਣੇ ਪਾਰਕਿੰਗ ਵਿੱਚ ਪੇਵਰ ਬਲਾਕ ਲਗਾਉਣ ਲਈ 32 ਲੱਖ 46 ਹਜ਼ਾਰ ਰੁਪਏ ਸਮੇਤ ਹੋਰ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਗਈ।


ਮੀਟਿੰਗ ਦੌਰਾਨ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਸਮੇਤ ਕਮੇਟੀ ਦੇ ਹੋਰ ਮੈਂਬਰਾਂ ਮਹੇਸ਼ ਇੰਦਰ ਸਿੰਘ ਸਿੱਧੂ, ਸੌਰਭ ਜੋਸ਼ੀ, ਜਸਬੀਰ ਸਿੰਘ, ਤਰੁਣਾ ਮਹਿਤਾ, ਗੁਰਬਖਸ਼ ਰਾਵਤ ਤੇ ਨਿਗਮ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।