PU Protest: ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਦੀ ਤਰੀਕ ਦੇ ਐਲਾਨ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਮਾਹੌਲ ਪੂਰੀ ਤਰ੍ਹਾਂ ਨਾਲ ਗਰਮਾ ਗਿਆ ਹੈ। ਇਸ ਦੇ ਨਾਲ ਪੰਜਾਬ ਦੇ ਹਰ ਪਾਸਿਓਂ ਚੰਡੀਗੜ੍ਹ ਵਿੱਚ ਆਉਣ ਵਾਲੀ ਸੜਕ ਨੂੰ ਵੀ ਬੈਰੀਕੇਡਿੰਗ ਕਰਕੇ ਬੰਦ ਕਰ ਦਿੱਤਾ ਹੈ ਜਿਸ ਕਰਕੇ ਵੱਡਾ ਜਾਮ ਤਾਂ ਦੇਖਣ ਨੂੰ ਮਿਲ ਹੀ ਰਿਹਾ ਹੈ ਪਰ ਇਸ ਮੌਕੇ ਕਈ ਥਾਵਾਂ ਉੱਤੇ ਤਕਰਾਰ ਹੋਈ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੇ ਦਾਅਵਾ ਕੀਤਾ ਪੰਜਾਬ ਦੇ ਲੋਕਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਤੈਨਾਤ ਕੀਤਾ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਪੰਜਾਬ ਵਿੱਚ ਹਰਿਆਣਾ ਪੁਲਿਸ ਦਾ ਨਾਕਾ! ਇਹ ਆਪਣੇ ਆਪ ਵਿੱਚ ਬਹੁਤ ਹੀ ਵੱਡੀ ਫ਼ਿਕਰਮੰਦੀ ਦਾ ਵਿਸ਼ਾ ਹੈ। ਭਗਵੰਤ ਮਾਨ ਸਰਕਾਰ ਨੇ ਪਹਿਲਾਂ ਹੀ ਸੂਬੇ ਦੇ ਸਾਰੇ ਹਿੱਤ ਕੇਂਦਰ ਕੋਲ ਗਿਰਵੀ ਰੱਖ ਛੱਡੇ ਸਨ, ਪਰ ਅੱਜ ਹਥਿਆਰਬੰਦ ਹਰਿਆਣਾ ਪੁਲੀੇਸ ਨੂੰ ਮੋਹਾਲੀ ਵਿਖੇ ਨਾਕਾ ਲਾ ਕੇ ਪੰਜਾਬੀਆਂ ਨੂੰ ਆਪਣੀ ਰਾਜਧਾਨੀ ਚੰਡੀਗੜ੍ਹ ਵੱਲ ਹੀ ਜਾਣ ਤੋਂ ਰੋਕਣ ਦਾ ਅਧਿਕਾਰ ਦੇ ਕੇ ਉਸ ਨੇ ਬੇਸ਼ਰਮੀ ਅਤੇ ਗੁਲਾਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਸੂਬਿਆਂ ਨੂੰ ਵੱਧ ਅਧਿਕਾਰਾਂ ਲਈ ਸੰਘਰਸ਼ ਕੀਤਾ ਅਤੇ ਇਸ ਦੇ ਚਲਦਿਆਂ ਅਨੇਕਾਂ ਕੁਰਬਾਨੀਆਂ ਵੀ ਦਿੱਤੀਆਂ।
ਇੱਕ ਪਾਸੇ ਅਸੀਂ ਲੰਮੇ ਸਮੇਂ ਤੋਂ ਚੰਡੀਗੜ੍ਹ 'ਤੇ ਆਪਣੇ ਹੱਕ ਦੀ ਲੜਾਈ ਲੜਦੇ ਆ ਰਹੇ ਹਾਂ ਅਤੇ ਦੂਜੇ ਪਾਸੇ ਦਿੱਲੀ ਦੇ ਇਸ਼ਾਰਿਆਂ 'ਤੇ ਚਲਦੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਹੀ ਪੰਜਾਬੀਆਂ ਨੂੰ ਕੈਦ ਕਰ ਛੱਡਿਆ, ਜੋ ਕਿਸੇ ਵੀ ਹਾਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਖ਼ੈਰ, ਇਨ੍ਹਾਂ ਤੋਂ ਕੋਈ ਹੋਰ ਚੰਗੀ ਉਮੀਦ ਰੱਖੀ ਵੀ ਨਹੀਂ ਜਾ ਸਕਦੀ ਕਿਉਂਕਿ ਇਨ੍ਹਾਂ ਨੇ ਤਾਂ ਕਿਸਾਨੀ ਸੰਘਰਸ਼ ਸਮੇਂ ਦੂਜੇ ਸੂਬੇ ਹਰਿਆਣਾ ਦੀ ਗੋਲੀ ਨਾਲ ਆਪਣੇ ਪੰਜਾਬ ਦੀ ਧਰਤੀ 'ਤੇ ਹੋਈ ਸੰਘਰਸ਼ੀ ਪੰਜਾਬੀ ਨੌਜਵਾਨ ਦੀ ਸ਼ਹੀਦੀ 'ਤੇ ਵੀ ਚੁੱਪ ਵੱਟ ਲਈ ਸੀ।
ਜਿੱਥੇ ਮੈਂ ਭਗਵੰਤ ਮਾਨ ਅਤੇ ਉਸਦੀ ਗੂੰਗੀ ਬੋਲੀ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ, ਉੱਥੇ ਹੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਹੋਂਦ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਸਮੂਹ ਵਿਦਿਆਰਥੀਆਂ ਅਤੇ ਜਥੇਬੰਦੀਆਂ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰਨ ਹਮਾਇਤ ਵੀ ਕਰਦਾ ਹਾਂ। ਮੈਨੂੰ ਮਾਣ ਹੈ ਕਿ ਸਾਡਾ ਵਿਦਿਆਰਥੀ ਵਿੰਗ - ਸਟੂਡੈਂਟਸ ਆਰਗਨਾਈਜ਼ੇਸ਼ਨ ਆਫ ਇੰਡੀਆ (SOI) - ਯੂਨੀਵਰਸਟੀ ਦੀ ਇਸ ਲੜਾਈ ਵਿੱਚ ਪੂਰਾ ਡਟ ਕੇ ਜ਼ਬਰ ਦਾ ਮੁਕਾਬਲਾ ਕਰ ਰਿਹਾ ਹੈ ਅਤੇ ਅਸੀਂ ਹਰ ਤਰੀਕੇ ਇਸ ਸੰਘਰਸ਼ ਦੇ ਨਾਲ ਹਾਂ।
ਜ਼ਿਕਰ ਕਰ ਦਈਏ ਕਿ ਪੰਜਾਬ ਯੂਨੀਵਰਸਿਟੀ ਵਿੱਚ ਦਾਖਲ ਹੋਣ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਝੜਪ ਵੀ ਹੋਈ। ਇਸ ਮੌਕੇ ਵਿਦਿਆਰਥੀਆਂ ਨੇ ਪੀਜੀਆਈ ਦੇ ਸਾਹਮਣੇ ਗੇਟ ਨੰਬਰ 1 ਤੋੜ ਦਿੱਤਾ। ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਉਨ੍ਹਾਂ ਨੂੰ ਰੋਕਣ ਲਈ ਗੇਟ 'ਤੇ ਚੜ੍ਹ ਗਈ, ਪਰ ਵਿਦਿਆਰਥੀਆਂ ਨੇ ਇਨਕਾਰ ਕਰ ਦਿੱਤਾ। ਫਿਰ ਪੁਲਿਸ ਨੇ ਬੈਰੀਕੇਡ ਤੋੜਨ ਵਾਲੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕੀਤਾ।
ਪਹਿਲਾਂ, ਵਿਦਿਆਰਥੀ ਇਸ ਗੇਟ ਨੂੰ ਤੋੜ ਕੇ ਅੰਦਰ ਦਾਖਲ ਹੋਏ ਸਨ, ਜਿਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋਈ ਸੀ। ਹਾਲਾਂਕਿ, ਗੇਟ 1 ਹੁਣ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਹੈ। ਵਿਦਿਆਰਥੀ ਅਤੇ ਪ੍ਰਦਰਸ਼ਨਕਾਰੀ, ਜਿਨ੍ਹਾਂ ਵਿੱਚ ਨਿਹੰਗ ਵੀ ਸ਼ਾਮਲ ਹਨ, ਇੱਥੋਂ ਯੂਨੀਵਰਸਿਟੀ ਵਿੱਚ ਦਾਖਲ ਹੋਏ ਹਨ।
ਕਿਸਾਨਾਂ ਨੇ ਮੋਹਾਲੀ-ਚੰਡੀਗੜ੍ਹ ਸਰਹੱਦ 'ਤੇ ਫੇਜ਼ 6 ਵਿੱਚ ਪੁਲਿਸ ਬੈਰੀਕੇਡ ਤੋੜ ਦਿੱਤੇ ਹਨ। ਉਹ ਹੁਣ ਚੰਡੀਗੜ੍ਹ ਵਿੱਚ ਪੀਯੂ ਵੱਲ ਵਧ ਰਹੇ ਹਨ। ਪੁਲਿਸ ਨੇ ਸ਼ੁਰੂ ਵਿੱਚ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ। ਕਿਸਾਨ ਆਗੂ ਬਲਵੀਰ ਰਾਜੇਵਾਲ ਨੇ ਕਿਹਾ ਕਿ ਹਰਿਆਣਾ ਪੁਲਿਸ ਮੋਹਾਲੀ ਵਿੱਚ ਤਾਇਨਾਤ ਸੀ। ਚੰਡੀਗੜ੍ਹ ਵਿੱਚ ਦਾਖਲ ਹੋਣ ਤੋਂ ਰੋਕਣ ਤੋਂ ਬਾਅਦ, ਨਿਹੰਗ ਮੋਹਾਲੀ ਦੇ ਵਾਈਪੀਐਸ ਚੌਕ ਵੱਲ ਵਧ ਗਏ ਹਨ। ਟ੍ਰੈਫਿਕ ਜਾਮ ਹੋਣ ਦੀ ਉਮੀਦ ਕਰਦੇ ਹੋਏ, ਪੁਲਿਸ ਨੇ ਇਸਨੂੰ ਹਰ ਪਾਸਿਓਂ ਬੰਦ ਕਰ ਦਿੱਤਾ ਹੈ।