Heavy Rain in Chandigarh: ਚੰਡੀਗੜ੍ਹ 'ਚ ਬੁੱਧਵਾਰ ਸਵੇਰੇ ਤੋਂ ਹੋ ਰਹੀ ਤੇਜ਼ ਮੀਂਹ ਨੇ ਜਿੱਥੇ ਮੌਸਮ ਸੁਹਾਵਣਾ ਬਣਾ ਦਿੱਤਾ ਹੈ, ਓਥੇ ਹੀ ਸੁਖਨਾ ਝੀਲ ਦਾ ਪਾਣੀ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਇੱਕ ਫੁੱਟ ਹੇਠਾਂ ਹੈ। ਹਾਲਾਤਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਸੁਰੱਖਿਆ ਲਈ ਚੁਸਤ ਇੰਤਜ਼ਾਮ ਕੀਤੇ ਗਏ ਹਨ ਅਤੇ ਝੀਲ ਦੇ ਆਲੇ-ਦੁਆਲੇ ਨਿਗਰਾਨੀ ਵਧਾ ਦਿੱਤੀ ਗਈ ਹੈ।
ਦੂਜੇ ਪਾਸੇ ਮੌਸਮ ਵਿਭਾਗ ਨੇ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਖੇਤਰਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ ਅਗਲੇ 24 ਤੋਂ 48 ਘੰਟਿਆਂ ਤੱਕ ਹਲਕੀ ਤੋਂ ਮੱਧਮ ਬਾਰਿਸ਼ ਜਾਰੀ ਰਹਿ ਸਕਦੀ ਹੈ, ਜਿਸ ਨਾਲ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀ ਸੰਭਾਵਨਾ ਹੈ।
ਸੁਖਨਾ ਝੀਲ ਨੇੜੇ ਸਖ਼ਤ ਨਿਗਰਾਨੀ, ਪਾਣੀ ਪੱਧਰ ਵਧਿਆ
ਲਗਾਤਾਰ ਮੀਂਹ ਕਾਰਨ ਸੁਖਨਾ ਝੀਲ ਦਾ ਪਾਣੀ ਪੱਧਰ ਹੌਲੀ-ਹੌਲੀ ਵਧ ਰਿਹਾ ਹੈ ਅਤੇ ਹੁਣ ਇਹ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਇੱਕ ਫੁੱਟ ਹੇਠਾਂ ਰਹਿ ਗਿਆ ਹੈ। ਪ੍ਰਸ਼ਾਸਨ ਵਲੋਂ ਝੀਲ ਦੇ ਆਲੇ-ਦੁਆਲੇ ਬੈਰੀਕੇਡ ਲਗਾ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ। ਜੇ ਅਗਲੇ ਕੁਝ ਦਿਨਾਂ ਵਿੱਚ ਮੀਂਹ ਹੋਰ ਤੇਜ਼ ਹੋਇਆ ਤਾਂ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ। ਇਸ ਸਥਿਤੀ ਵਿੱਚ ਪ੍ਰਸ਼ਾਸਨ ਵਲੋਂ ਫਲੱਡਗੇਟ ਖੋਲ੍ਹਣ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ।
ਅਗਲੇ 2 ਦਿਨਾਂ ਵਿਚ ਵੀ ਮੀਂਹ ਦੇ ਆਸਾਰ
ਵੀਰਵਾਰ (17 ਜੁਲਾਈ): ਦੁਪਹਿਰ ਸਮੇਂ ਹਲਕੀ ਬਾਰਿਸ਼ ਹੋ ਸਕਦੀ ਹੈ। ਸ਼ੁੱਕਰਵਾਰ (18 ਜੁਲਾਈ): ਸਵੇਰੇ ਦੇ ਸਮੇਂ ਮੀਂਹ ਪੈਣ ਦੇ ਆਸਾਰ ਹਨ।