Shimla News: ਮੈਦਾਨੀ ਇਲਾਕਿਆਂ ਵਿੱਚ ਆਸਮਾਨੋਂ ਅੱਗ ਵਰ੍ਹ ਰਹੀ ਹੈ। ਗਰਮੀ ਨੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਅਜਿਹੇ ਵਿੱਚ ਲੋਕ ਪਹਾੜਾਂ ਵੱਲ ਰੁਖ ਕਰਨ ਲੱਗੇ ਹਨ। ਇਸ ਵੇਲੇ ਪਹਾੜੀ ਸ਼ਹਿਰਾਂ ਵਿੱਚ ਤਿਲ ਸੁੱਟਣ ਨੂੰ ਥਾਂ ਨਹੀਂ। ਸ਼ਿਮਲਾ ਵਿੱਚ ਤਾਂ ਹੋਟਲ ਫੁੱਲ ਹੋ ਗਏ ਹਨ ਤੇ ਲੰਬੇ ਜਾਮ ਲੱਗ ਗਏ ਹਨ। 


ਦਰਅਸਲ ਸ਼ਿਮਲਾ ਦੇਸ਼ ਦੇ ਮੈਦਾਨੀ ਇਲਾਕਿਆਂ 'ਚ ਕਹਿਰ ਦੀ ਗਰਮੀ ਤੋਂ ਬਚਣ ਲਈ ਸੈਲਾਨੀ ਪਹਾੜਾਂ ਦਾ ਰੁਖ ਕਰ ਰਹੇ ਹਨ। ਸ਼ਿਮਲਾ ਸਮੇਤ ਹੋਰ ਸੈਰ-ਸਪਾਟਾ ਸਥਾਨਾਂ 'ਤੇ ਸੈਲਾਨੀਆਂ ਦੀ ਗਿਣਤੀ ਹੱਦਾਂ ਤੋੜ ਰਹੀ ਹੈ। ਦੂਜੇ ਪਾਸੇ ਇਨ੍ਹਾਂ ਦਿਨਾਂ ਵਿੱਚ ਮੈਦਾਨੀ ਇਲਾਕਿਆਂ ਵਿੱਚ ਸਕੂਲਾਂ ਦੀਆਂ ਛੁੱਟੀਆਂ ਹਨ। ਅਜਿਹੇ 'ਚ ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟਾ ਸਥਾਨਾਂ 'ਤੇ ਸੈਲਾਨੀਆਂ ਦੀ ਭੀੜ ਲੱਗ ਗਈ ਹੈ। 


ਹਾਲਾਤ ਇਹ ਹੋ ਗਏ ਹਨ ਕਿ ਸੈਲਾਨੀਆਂ ਨੂੰ ਵੀਕੈਂਡ ਦੌਰਾਨ ਹੋਟਲਾਂ ਵਿੱਚ ਕਮਰੇ ਵੀ ਨਹੀਂ ਮਿਲ ਰਹੇ। ਇਸ ਵਾਰ ਪਹਾੜਾਂ ਦੀ ਸੈਰ ਕਰਨ ਲਈ ਰਿਕਾਰਡ ਗਿਣਤੀ ਵਿੱਚ ਸੈਲਾਨੀ ਆ ਰਹੇ ਹਨ। ਪੁਲਿਸ ਮੁਤਾਬਕ ਇਸ ਵਾਰ 1 ਤੋਂ 12 ਜੂਨ ਤੱਕ ਦੇਸ਼ ਭਰ ਤੋਂ 5,12,373 ਵਾਹਨ ਸ਼ਿਮਲਾ ਪਹੁੰਚੇ ਹਨ। ਇਹ ਪਿਛਲੇ ਸਾਲ ਨਾਲੋਂ 47,191 ਵਾਹਨ ਵੱਧ ਹਨ।


ਸੈਰ ਸਪਾਟਾ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਸੈਲਾਨੀ ਮੈਦਾਨੀ ਇਲਾਕਿਆਂ ਦੀ ਕੜਾਕੇ ਦੀ ਗਰਮੀ ਤੋਂ ਰਾਹਤ ਲਈ ਪਹਾੜਾਂ ਦਾ ਰੁਖ ਕਰ ਰਹੇ ਹਨ। ਪਿਛਲੇ ਸਾਲ ਮਾਨਸੂਨ ਦੀ ਬਾਰਸ਼ ਕਾਰਨ ਸੈਰ-ਸਪਾਟੇ ਦਾ ਸੀਜ਼ਨ ਪ੍ਰਭਾਵਿਤ ਹੋਇਆ ਸੀ। ਇਸ ਵਾਰ ਹਿਮਾਚਲ ਦੇ ਸੈਰ-ਸਪਾਟਾ ਸਥਾਨਾਂ 'ਤੇ ਸੈਲਾਨੀਆਂ ਦੀ ਵਧਦੀ ਗਿਣਤੀ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਵਾਰ ਚੰਗੀ ਗਿਣਤੀ 'ਚ ਸੈਲਾਨੀ ਹਿਮਾਚਲ ਪਹੁੰਚਣਗੇ। ਹੋਟਲਾਂ ਵਿੱਚ ਕਿੱਤਾ 95 ਫੀਸਦੀ ਚੱਲ ਰਿਹਾ ਹੈ ਜੋ ਵੀਕੈਂਡ 'ਤੇ ਫੁੱਲ ਹੋ ਰਿਹਾ ਹੈ।



ਦੂਜੇ ਪਾਸੇ ਪੁਲਿਸ ਸੁਪਰਡੈਂਟ ਸੰਜੀਵ ਗਾਂਧੀ ਨੇ ਕਿਹਾ ਕਿ ਸ਼ਿਮਲਾ ਵਿੱਚ ਆਵਾਜਾਈ ਵਧੀ ਹੈ ਤੇ ਇਸ ਨੂੰ ਨਿਯਮਤ ਕਰਨ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਸ਼ਿਮਲਾ 'ਚ ਸ਼ਨੀਵਾਰ ਸ਼ਾਮ ਤੋਂ ਚਾਰ ਰੋਜ਼ਾ ਅੰਤਰਰਾਸ਼ਟਰੀ ਸਮਰ ਫੈਸਟੀਵਲ ਵੀ ਸ਼ੁਰੂ ਹੋ ਗਿਆ ਹੈ। ਇਸ ਕਾਰਨ ਸ਼ਿਮਲਾ 'ਚ ਜ਼ਿਆਦਾ ਭੀੜ ਹੈ। ਪੁਲਿਸ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਸ਼ਿਮਲਾ ਤੇ ਹੋਰ ਸੈਰ-ਸਪਾਟਾ ਖੇਤਰਾਂ ਵਿੱਚ ਲੰਬੇ ਟ੍ਰੈਫਿਕ ਜਾਮ ਲੱਗ ਰਹੇ ਹਨ। ਇਸ ਨਾਲ ਸੈਰ ਸਪਾਟਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ।



ਸੂਬੇ ਵਿੱਚ ਪੰਜ ਹਜ਼ਾਰ ਦੇ ਕਰੀਬ ਹੋਟਲ ਸੈਰ ਸਪਾਟਾ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਕੋਲ ਰਜਿਸਟਰਡ ਹਨ। ਇਸ ਤੋਂ ਇਲਾਵਾ ਕਈ ਹੋਟਲ ਬਿਨਾਂ ਰਜਿਸਟ੍ਰੇਸ਼ਨ ਦੇ ਚੱਲ ਰਹੇ ਹਨ। 1000 ਦੇ ਕਰੀਬ ਹੋਮ ਸਟੇਅ ਵੀ ਚੱਲ ਰਹੇ ਹਨ। ਹਿਮਾਚਲ ਦੇ ਹੋਟਲਾਂ ਵਿੱਚ ਵੀ 95 ਫੀਸਦੀ ਐਡਵਾਂਸ ਬੁਕਿੰਗ ਚੱਲ ਰਹੀ ਹੈ। ਜੇਕਰ ਮੌਸਮ ਇਜਾਜ਼ਤ ਦੇਵੇ, ਤਾਂ ਸੈਰ-ਸਪਾਟੇ ਦਾ ਮੌਸਮ ਅਕਤੂਬਰ ਤੱਕ ਜਾਰੀ ਰਹਿੰਦਾ ਹੈ।