Chandigarh News: ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਹੋਲੀ ਮੌਕੇ ਹੁੱਲੜਬਾਜ਼ੀ ਕਰਨ ਵਾਲਿਆਂ ਦੀਆਂ ਖੈਰ ਨਹੀਂ। ਚੰਡੀਗੜ੍ਹ ਪੁਲਿਸ ਹੁੱਲੜਬਾਜ਼ਾਂ ਖ਼ਿਲਾਫ਼ ਸਖ਼ਤੀ ਦੇ ਰੌਂਅ ਵਿੱਚ ਹੈ। ਪੁਲਿਸ ਵੱਲੋਂ ਸ਼ਹਿਰ ’ਚ ਮਾਹੌਲ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਸਮੂਹ ਡੀਐਸਪੀ ਤੇ ਪੁਲਿਸ ਸਟੇਸ਼ਨ ਦੇ ਐਸਐਚਓ ਨੂੰ ਹਦਾਇਤ ਜਾਰੀ ਕਰ ਦਿੱਤੀ ਗਈ ਹੈ। 


ਹਾਸਲ ਜਾਣਕਾਰੀ ਮੁਤਾਬਕ ਹੋਲੀ ਵਾਲੇ ਦਿਨ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ ਲਈ ਸ਼ਹਿਰ ਵਿੱਚ ਅੰਦਰੂਨੀ ਤੇ ਬਾਹਰੀ ਸੜਕਾਂ ’ਤੇ ਪੁਲਿਸ ਵੱਲੋਂ 102 ਥਾਵਾਂ ’ਤੇ ਨਾਕਾਬੰਦੀ ਕੀਤੀ ਜਾਵੇਗੀ। ਇਸ ਦੌਰਾਨ ਇਕ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ। 


ਚੰਡੀਗੜ੍ਹ ਪੁਲਿਸ ਵੱਲੋਂ ਸ਼ਹਿਰ ਵਿੱਚ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇਸ ਦੇ ਨਾਲ ਹੀ ਸਵੇਰੇ 9 ਤੋਂ 4 ਵਜੇ ਅਤੇ ਸ਼ਾਮ 6 ਤੋਂ 10 ਵਜੇ ਤੱਕ ਨਾਕਾਬੰਦੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੁਲਿਸ ਵੱਲੋਂ ਸ਼ਹਿਰ ਵਿੱਚ ਸੈਕਟਰ-11/12 ਦੇ ਗੇੜੀ ਰੂਟ ਤੋਂ ਸੈਕਟਰ-9/10 ਦੇ ਛੋਟੇ ਚੌਕ ਤੱਕ ਵਾਹਨਾਂ ’ਤੇ ਰੋਕ ਲਗਾ ਦਿੱਤੀ ਹੈ। 



ਪੁਲਿਸ ਵੱਲੋਂ ਸੁਖਨਾ ਝੀਲ, ਏਲਾਂਤੇ ਮਾਲ, ਸੈਕਟਰ-15, 11, 17, 22, 20 ਅਤੇ ਸ਼ਹਿਰ ਦੇ ਸਮੂਹ ਹੋਸਟਲ ਤੇ ਇੰਸਟੀਚਿਊਟਸ ਅੱਗੇ ਵੀ ਵਿਸ਼ੇਸ਼ ਨਾਕਾਬੰਦੀ ਕੀਤੀ ਜਾਵੇਗੀ। ਪੁਲਿਸ ਬੁਲਾਰੇ ਨੇ ਕਿਹਾ ਕਿ ਸ਼ਰਾਬ ਪੀ ਕੇ ਵਾਹਨ ਚਲਾਉਣ ਤੇ ਤੇਜ਼ ਰਫ਼ਤਾਰ ਵਾਹਨ ਚਲਾਉਣ ’ਤੇ ਤੁਰੰਤ ਵਾਹਨ ਜ਼ਬਤ ਕੀਤੇ ਜਾਣਗੇ। ਉਨ੍ਹਾਂ ਸਾਰਿਆਂ ਨੂੰ ਰੰਗਾਂ ਦੇ ਤਿਉਹਾਰ ਨੂੰ ਸ਼ਾਂਤਮਈ ਢੰਗ ਨਾਲ ਖੁਸ਼ੀ-ਖੁਸ਼ੀ ਘਰ ਵਿੱਚ ਰਹਿ ਕੇ ਮਨਾਉਣ ਦੀ ਅਪੀਲ ਕੀਤੀ।