ਚੰਡੀਗੜ੍ਹ ਅੱਜ ਦੋ ਵੱਡੇ ਪ੍ਰਦਰਸ਼ਨਾਂ ਦਾ ਕੇਂਦਰ ਬਣਨ ਵਾਲਾ ਹੈ। ਇੱਕ ਪਾਸੇ, ਪੰਜਾਬ ਯੂਨੀਵਰਸਿਟੀ (PU) ਨਾਲ ਸਬੰਧਿਤ ਮੁੱਦਿਆਂ ਨੂੰ ਲੈ ਕੇ ਕਿਸਾਨ ਸੰਗਠਨਾਂ ਨੇ 43 ਸੈਕਟਰ ਵਿੱਚ ਰੋਸ਼ ਮਾਰਚ ਕੱਢਣ ਦਾ ਐਲਾਨ ਕੀਤਾ ਹੈ, ਤਾਂ ਦੂਜੇ ਪਾਸੇ PU ਵਿੱਚ ਸੀਨੇਟ ਚੋਣਾਂ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਵੀ ਤੇਜ਼ ਹੋ ਰਿਹਾ ਹੈ। ਦੋਹਾਂ ਅੰਦੋਲਨਾਂ ਨੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ, ਜਿਸ ਕਾਰਨ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਕੜੇ ਕਰ ਦਿੱਤੇ ਗਏ ਹਨ।
ਕੇਂਦਰ ਦੀਆਂ ਨੀਤੀਆਂ ਪੰਜਾਬ ਦੇ ਹਿੱਤਾਂ ਦੇ ਖਿਲਾਫ
ਜਾਣਕਾਰੀ ਮੁਤਾਬਕ, ਕਿਸਾਨ ਸੰਗਠਨਾਂ ਦਾ ਕਹਿਣਾ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਕੇਂਦਰ ਅਤੇ ਪ੍ਰਸ਼ਾਸਨ ਦੀਆਂ ਨੀਤੀਆਂ ਪੰਜਾਬ ਦੇ ਹਿੱਤ ਵਿੱਚ ਨਹੀਂ ਹਨ। ਕਿਸਾਨਾਂ ਨੂੰ ਸ਼ੰਕਾ ਹੈ ਕਿ PU ਦੀ ਸੁਤੰਤਰਤਾ ਅਤੇ ਪੰਜਾਬ ਦੇ ਅਧਿਕਾਰਾਂ ਵਿੱਚ ਹਸਤੱਖੇਪ ਕੀਤਾ ਜਾ ਰਿਹਾ ਹੈ। ਇਸੇ ਮਾਮਲੇ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ (SKM) ਨੇ 26 ਨਵੰਬਰ ਯਾਨੀਕਿ ਅੱਜ ਚੰਡੀਗੜ੍ਹ ਵਿੱਚ ਵੱਡਾ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਸੰਗਠਨਾਂ ਨੇ ਰਾਜ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿੱਚ 43 ਸੈਕਟਰ ਵਿੱਚ ਇਕੱਤਰ ਹੋਣ, ਤਾਂ ਜੋ ਉਨ੍ਹਾਂ ਦੀ ਆਵਾਜ਼ ਸਰਕਾਰ ਤੱਕ ਮਜ਼ਬੂਤੀ ਨਾਲ ਪਹੁੰਚੇ।
PU ਵਿੱਚ ਅੱਜ ਛੁੱਟੀ ਦਾ ਐਲਾਨ
ਸੰਭਾਵਿਤ ਤਣਾਅ ਅਤੇ ਸੁਰੱਖਿਆ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਅੱਜ ਦੇ ਦਿਨ ਲਈ PU ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਯੂਨੀਵਰਸਿਟੀ ਨੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਬੇਵਜ੍ਹਾ ਕੈਂਪਸ ਨਾ ਆਉਣ ਅਤੇ ਪ੍ਰਦਰਸ਼ਨ ਵਾਲੇ ਖੇਤਰਾਂ ਤੋਂ ਦੂਰੀ ਬਣਾਈ ਰੱਖਣ।
ਜਾਣਕਾਰੀ ਮੁਤਾਬਕ, ਕਿਸਾਨਾਂ ਦੇ ਨਾਲ-ਨਾਲ PU ਦੇ ਵਿਦਿਆਰਥੀ ਸੰਗਠਨ ਵੀ ਅੱਜ ਆਪਣੇ ਮੁੱਦਿਆਂ ਨੂੰ ਲੈ ਕੇ ਸੜਕਾਂ ‘ਤੇ ਉਤਰਣਗੇ। ਵਿਦਿਆਰਥੀਆਂ ਦੀ ਮੁੱਖ ਮੰਗ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਸੀਨੇਟ ਚੋਣਾਂ ਜਲਦੀ ਬਹਾਲ ਕੀਤੀਆਂ ਜਾਣ ਅਤੇ ਪਾਰਦਰਸ਼ੀ ਪ੍ਰਕਿਰਿਆ ਅਧੀਨ ਕਰਵਾਈਆਂ ਜਾਣ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਚੋਣਾਂ ਵਿੱਚ ਦੇਰੀ ਕਰਕੇ ਪ੍ਰਸ਼ਾਸਨ ਲੋਕਤੰਤਰੀ ਅਧਿਕਾਰਾਂ ਦਾ ਉਲੰਘਣ ਕਰ ਰਿਹਾ ਹੈ। ਅੱਜ ਵਿਦਿਆਰਥੀਆਂ ਦਾ ਪ੍ਰਦਰਸ਼ਨ PU ਦੇ ਬਾਹਰ ਅਤੇ ਆਸ-ਪਾਸ ਜਾਰੀ ਰਹੇਗਾ, ਜਿਸ ਨਾਲ ਸਥਿਤੀ ਹੋਰ ਸੰਵੇਦਨਸ਼ੀਲ ਹੋ ਸਕਦੀ ਹੈ।