Summer Vacation in Chandigarh: ਗਰਮੀ ਦੇ ਕਹਿਰ ਨੂੰ ਵੇਖਦਿਆਂ ਚੰਡੀਗੜ੍ਹ ਦੇ ਸਕੂਲਾਂ ਵਿੱਚ ਵੀ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਚੰਡੀਗੜ੍ਹ ਸ਼ਹਿਰ ਵਿੱਚ ਤੇਜ਼ ਗਰਮੀ ਤੇ ਹੀਟ ਵੇਵ ਅਲਰਟ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ।
ਸਰਕਾਰੀ ਆਰਡਰ ਮੁਤਾਬਕ 22 ਮਈ ਤੋਂ 30 ਜੂਨ ਤੱਕ ਸਾਰੇ ਸਰਕਾਰੀ, ਪ੍ਰਾਈਵੇਟ ਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਛੁੱਟੀਆਂ ਹੋਣਗੀਆਂ। ਅੱਜ ਸਕੂਲਾਂ ਦਾ ਆਖਰੀ ਕੰਮਕਾਜੀ ਦਿਨ ਹੋਵੇਗਾ। ਪ੍ਰਸ਼ਾਸਨ ਨੇ ਬੱਚਿਆਂ ਦੀ ਸਿਹਤ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਸਾਰੇ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਵਿੱਚ 30 ਜੂਨ ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਸੀ।
ਮੌਸਮ ਵਿਭਾਗ ਮੁਤਾਬਕ ਸ਼ਨੀਵਾਰ 25 ਮਈ ਤੱਕ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਤੱਕ ਪਹੁੰਚ ਜਾਵੇਗਾ। ਇਸ ਦੇ ਨਾਲ ਹੀ ਰਾਤ ਦਾ ਤਾਪਮਾਨ ਵੀ ਵਧੇਗਾ। ਵਿਭਾਗ ਵੱਲੋਂ 25 ਤਰੀਕ ਤੱਕ ਗਰਮੀ ਤੇ ਹੀਟ ਵੇਵ ਦਾ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਹੈ। 23 ਤਰੀਕ ਤੱਕ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਰਹੇਗਾ। ਇਸ ਤੋਂ ਬਾਅਦ ਤਾਪਮਾਨ ਫਿਰ ਵਧੇਗਾ।
ਮੌਸਮ ਵਿਭਾਗ ਮੁਤਾਬਕ 24 ਤੇ 25 ਮਈ ਨੂੰ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਨੂੰ ਪਾਰ ਕਰ ਜਾਵੇਗਾ, ਜਦਕਿ ਘੱਟੋ-ਘੱਟ ਤਾਪਮਾਨ 30 ਡਿਗਰੀ ਰਹੇਗਾ। ਹਾਲਾਂਕਿ ਅੱਜ ਸਵੇਰ ਤੋਂ ਹੀ ਸ਼ਹਿਰ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਸ ਕਾਰਨ ਘੱਟੋ-ਘੱਟ ਤਾਪਮਾਨ 28.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਦੋਂਕਿ ਪਿਛਲੇ ਦਿਨ ਇਹ 30 ਡਿਗਰੀ ਸੀ। ਵੱਧ ਤੋਂ ਵੱਧ ਤਾਪਮਾਨ 42.7 ਡਿਗਰੀ ਦਰਜ ਕੀਤਾ ਗਿਆ ਹੈ।