Mohali News : ਥਾਣਾ ਸਦਰ ਖਰੜ ਪੁਲਿਸ ਨੂੰ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕਰਨ 'ਚ ਕਾਮਯਾਬੀ ਹੱਥ ਲੱਗੀ ਹੈ ਜਿਸ ਦੇ ਮੈਂਬਰ ਖੁਦ ਨੂੰ ਪੁਲਿਸ ਮੁਲਾਜਮ ਦੱਸਦੇ ਹੋਏ ਲੋਕਾਂ ਪਾਸੋਂ ਜ਼ਬਰੀ ਵਸੂਲੀ ਕਰਨ, ਧਮਕੀਆਂ ਦੇਣ, ਟਾਰਗੇਟ ਕੀਤੇ ਲੋਕਾਂ ਨੂੰ ਅਗਵਾ ਕਰ ਫਿਰੌਤੀ ਮੰਗਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਰਹੇ ਸਨ। 


ਪੁਲਿਸ ਵੱਲੋਂ ਇਸ ਸੰਬੰਧ ਚ ਗਿਰੋਹ ਦੇ ਮੈਂਬਰਾਂ ਖਿਲਾਫ ਧਾਰਾ 419, 365, 384, 506, 34 ਅਧੀਨ ਮਾਮਲਾ ਦਰਜ ਕਰ 5 ਜਣਿਆਂ ਨੂੰ ਗ੍ਰਿਫਤਾਰ ਕਰ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਥੋਂ ਉਨ੍ਹਾਂ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। 


ਜਾਣਕਾਰੀ ਦਿੰਦੇ ਹੋਏ ਐਸ ਪੀ (ਰੂਰਲ) ਮਨਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਇੰਚਾਰਜ ਜਗਜੀਤ ਸਿੰਘ ਦੀ ਅਗਵਾਈ ਹੇਠ ਏਐਸਆਈ ਕੁਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ- ਬ- ਨਾਕਾਬੰਦੀ 200 ਫੁੱਟ ਏਅਰਪੋਰਟ ਰੋਡ ਉਤੇ ਮੌਜੂਦ ਸੀ ਕਿ ਇਸੇ ਦੌਰਾਨ ਇਕ ਮੁਖਬਰ ਵਲੋਂ ਇਤਲਾਹ ਦਿੱਤੀ ਕਿ ਯਾਦਵਿੰਦਰ ਸਿੰਘ ਬਡਾਲੀ ਆਲਾ ਸਿੰਘ ਫ਼ਤਿਹਗੜ੍ਹ ਸਾਹਿਬ, ਬਲਜਿੰਦਰ ਸਿੰਘ ਸਿੱਧਵਾਂ ਬੇਟ ਲੁਧਿਆਣਾ, ਤਰਨਜੀਤ ਸਿੰਘ ਮੋਹਾਲੀ ਸਣੇ ਇਨਾਂ ਦੇ ਹੋਰ ਸਾਥੀ ਇਕ ਗੱਡੀ ਚ ਸਵਾਰ ਹੋਕੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਲੋਕਾਂ ਪਾਸੋਂ ਜ਼ਬਰੀ ਉਗਰਾਹੀ, ਧਮਕਾਉਣ ਅਤੇ ਅਗਵਾ ਕਰ ਵਸੂਲੀ ਕਰਦੇ ਆ ਰਹੇ ਹਨ।


ਜੋ ਅੱਜ ਵੀ ਇਸੇ ਫਿਰਾਕ 'ਚ ਇਸ ਏਰੀਆ ਅੰਦਰ ਇਕ ਗੱਡੀ 'ਚ ਸਵਾਰ ਹੋ ਘੁੰਮ ਰਹੇ ਹਨ। ਸੂਚਨਾ ਮਿਲਦਿਆਂ ਹੀ ਮੁਲਾਜਮਾਂ ਵੱਲੋਂ ਫੌਰੀ ਹਰਕਤ 'ਚ ਆ ਸੰਬੰਧਿਤ ਏਰੀਆ ਦੇ ਅੰਦਰ ਵੱਖ-ਵੱਖ ਥਾਂਈਂ ਨਾਕਾਬੰਦੀ ਕਰ ਇਸ ਤਰ੍ਹਾਂ ਸ਼ੱਕੀ ਹਾਲਤ ਦੇ ਵਿਚ ਘੁੰਮ ਰਹੇ ਮੁਲਜ਼ਮਾਂ ਉੱਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਤਾਂ ਇਕ ਥਾਰ ਗੱਡੀ 'ਚ ਸਵਾਰ ਤਿੰਨ ਵਿਅਕਤੀਆਂ ਨੂੰ ਰੋਕ ਜਦੋਂ ਸਾਰੀ ਛਾਣਬੀਣ ਕੀਤੀ ਤਾਂ ਉਕਤ ਤਿੰਨੋਂ ਉਹੀ ਵਿਅਕਤੀ ਨਿਕਲੇ ਜਿਨ੍ਹਾਂ ਬਾਰੇ ਇਤਲਾਹ ਹਾਸਲ ਹੋਈ ਸੀ।


ਪੁਲਿਸ ਅਫ਼ਸਰ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਮਗਰੋਂ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਉਨ੍ਹਾਂ ਦੇ 2 ਹੋਰ ਸਾਥੀਆਂ ਜਸਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਦੋਵੇਂ ਵਾਸੀ ਖਰੜ ਨੂੰ ਖਰੜ ਦੇ ਤੋਲੇ ਮਾਜ਼ਰਾ ਤੋਂ ਪਿੰਡ ਮਗਰ ਨੂੰ ਜਾਂਦੀਆਂ ਬਾਗਾਂ ਕੋਲੋਂ ਦੀ ਕਾਬੂ ਕੀਤਾ ਗਿਆ ਹੈ।


ਪੁੱਛਗਿੱਛ ਦੌਰਾਨ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਇਹ ਗਿਰੋਹ ਜਿਸਦੇ ਮੈਂਬਰ ਸਿਹਤ ਪੱਖੋਂ ਚੰਗੇ ਉੱਚੇ ਲੰਮੇ ਅਤੇ ਤੰਦਰੁਸਤ ਨਜ਼ਰ ਆਉਂਦੇ ਹਨ ਆਪਣੀ ਇਸ ਦਿੱਖ ਦਾ ਗਲਤ ਇਸਤੇਮਾਲ ਕਰ ਉਹ ਪੂਰੀ ਪਲਾਨਿੰਗ ਦੇ ਨਾਲ ਆਪਣਾ ਸ਼ਿਕਾਰ ਤੈਅ ਕਰਦੇ ਸਨ ਜ਼ੋ ਖੁਦ ਨੂੰ ਪੁਲਿਸ ਨਾਲ ਸਬੰਧਤ ਕ੍ਰਾਈਮ ਬਰਾਂਚ, ਐਸਟੀਐਫ ਆਦਿ ਵਿੰਗ ਦੇ ਮੁਲਾਜ਼ਮ ਦੱਸਕੇ, ਇਸਦੀ ਧੌਂਸ ਵਿਖਾ ਲੋਕਾਂ ਪਾਸੋਂ ਜ਼ਬਰੀ ਵਸੂਲੀ ਕਰਨ ਦੇ ਨਾਲ, ਉਨਾਂ ਨੂੰ ਝੂਠੇ ਕੇਸ ਚ ਫਸਾਉਣ ਦਾ ਦਬਕਾ ਮਾਰ , ਅਗਵਾ ਤੱਕ ਕਰ ਲੈਂਦੇ ਸਨ ਅਤੇ ਛੱਡਣ ਦੇ ਬਹਾਨੇ ਮੋਟੀ ਫਿਰੌਤੀ ਦੀ ਡਿਮਾਂਡ ਰੱਖਦੇ ਸਨ ਇਸਦੇ ਬਦਲੇ ਉਸ ਵਿਅਕਤੀ ਨਾਲ ਜਿੱਥੇ ਸੈਟਿੰਗ ਹੁੰਦੀ ਉਹ ਰਕਮ ਉਸ ਕੋਲੋਂ ਦੀ ਲੈ ਲੈਂਦੇ ਸਨ। ਇਸ ਤਰ੍ਹਾਂ ਉਹ ਲਗਾਤਾਰ ਆਪਣੇ ਇਸ ਨਜਾਇਜ਼ ਧੰਦੇ ਨੂੰ ਅੰਜਾਮ ਦਿੰਦੇ ਆ ਰਹੇ ਸਨ।