Chandigarh News: ਪੰਜਾਬ ਦੀ ਸ਼ਰਾਬ ਨੀਤੀ ਨੇ ਚੰਡੀਗੜ੍ਹ ਨੂੰ ਵੱਡਾ ਰਗੜਾ ਲਾਇਆ ਹੈ। ਹਾਲਾਤ ਇਹ ਹਨ ਕਿ ਚੰਡੀਗੜ੍ਹ ਪ੍ਰਸਾਸ਼ਨ ਨੂੰ ਸ਼ਰਾਬ ਦੇ ਠੇਕੇ ਦਾਰ ਨਹੀਂ ਮਿਲ ਰਹੇ। ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ ਦੂਜੀ ਵਾਰ ਠੇਕਿਆਂ ਦੀ ਨਿਲਾਮੀ ਰੱਖੀ ਗਈ ਪਰ ਇਸ ਵਾਰ ਵੀ 52 ਠੇਕਿਆਂ ਵਿੱਚੋਂ ਸਿਰਫ਼ 11 ਠੇਕੇ ਹੀ ਨਿਲਾਮ ਹੋ ਸਕੇ। ਜਦੋਂਕਿ ਇਸ ਤੋਂ ਪਹਿਲਾਂ 15 ਮਾਰਚ ਨੂੰ ਸ਼ਹਿਰ ਦੇ ਕੁੱਲ 95 ਠੇਕਿਆਂ ਵਿੱਚੋਂ ਸਿਰਫ਼ 43 ਠੇਕੇ ਹੀ ਨਿਲਾਮ ਹੋ ਸਕੇ ਸਨ।
ਸੂਤਰਾਂ ਮੁਤਾਬਕ ਇਸ ਦਾ ਕਾਰਨ ਪੰਜਾਬ ਦੀ ਆਬਕਾਰੀ ਨੀਤੀ ਨੂੰ ਮੰਨਿਆ ਜਾ ਰਿਹਾ ਹੈ। ਪੰਜਾਬ ਦੀ ਨਵੀਂ ਆਬਕਾਰੀ ਨੀਤੀ ਲਾਗੂ ਹੋਣ ਤੋਂ ਬਾਅਦ ਚੰਡੀਗੜ੍ਹ ਤੇ ਪੰਜਾਬ ਵਿੱਚ ਸ਼ਰਾਬ ਦੀਆਂ ਕੀਮਤਾਂ ਵੀ ਬਰਾਬਰ ਹੋ ਗਈਆਂ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਦੀ ਸਖਤੀ ਕਰਕੇ ਵੀ ਬਾਹਰੀ ਲੋਕ ਚੰਡੀਗੜ੍ਹ ਵਿੱਚ ਸ਼ਰਾਬ ਪੀਣ ਲਈ ਘੱਟ ਦਿਲਚਸਪੀ ਦਿਖਾ ਰਹੇ ਹਨ।
ਉਧਰ, ਯੂਟੀ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੰਜਾਬ ਸ਼ਰਾਬ ਨੀਤੀ ਕਾਰਨ ਚੰਡੀਗੜ੍ਹ ’ਚ ਮੱਠਾ ਹੁੰਗਾਰਾ ਮਿਲਿਆ ਹੈ। ਉਂਝ ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਚੰਡੀਗੜ੍ਹ ਵਿੱਚ ਅਗਲੀ ਵਾਰ ਹੋਣ ਵਾਲੀ ਬੋਲੀ ਵਿੱਚ ਸਾਰੇ ਠੇਕਿਆਂ ਦੀ ਨਿਲਾਮੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਨਿਲਾਮੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਾਰੇ ਠੇਕਿਆਂ ਦੀ ਨਿਲਾਮੀ ਨਹੀਂ ਹੋ ਜਾਂਦੀ।
ਦੱਸ ਦਈਏ ਕਿ ਯੂਟੀ ਦੇ ਕਰ ਤੇ ਆਬਾਕਰੀ ਵਿਭਾਗ ਦੀ ਦੇਖ-ਰੇਖ ਹੋਈ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਵਿੱਚ ਯੂਟੀ ਨੇ 51.27 ਕਰੋੜ ਰੁਪਏ ਰਾਖਵੇਂ ਮੁੱਲ ਦੇ ਮੁਕਾਬਲੇ 54.85 ਕਰੋੜ ਰੁਪਏ ਮਾਲੀਆ ਕਮਾਇਆ ਗਿਆ ਜੋ ਰਾਖਵੀਂ ਕੀਮਤ ਤੋਂ ਸਿਰਫ਼ 6.98 ਫ਼ੀਸਦ ਵੱਧ 3.57 ਕਰੋੜ ਰੁਪਏ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਵੀ ਠੇਕੇਦਾਰ ਖੁੱਲ੍ਹ ਕੇ ਬੋਲੀ ਨਹੀ ਲਾ ਰਿਹਾ।
ਮੰਗਲਵਾਰ ਨੂੰ ਬੋਲੀ ਦੌਰਾਨ ਸਭ ਤੋਂ ਮਹਿੰਗਾ ਠੇਕਾ ਖੁੱਡਾ ਅਲੀਸ਼ੇਰ ਦਾ ਵਿਕਿਆ ਹੈ, ਜੋ ਰਾਖਵੀਂ ਕੀਮਤ 7,56,85,329 ਦੇ ਮੁਕਾਬਲੇ ਸਿਰਫ਼ 4671 ਰੁਪਏ ਦੇ ਵਾਧੇ ਨਾਲ ਵਿਕਿਆ ਹੈ। ਇਹ ਠੇਕਾ ਸਮਾਇਰਾ ਇੰਟਰਨੈਸ਼ਨਲ ਦੇ ਰਾਕੇਸ਼ ਕੁਮਾਰ ਨੇ ਲਿਆ ਸੀ। ਦੂਜਾ ਸਭ ਤੋਂ ਵੱਧ ਸ਼ਰਾਬ ਦਾ ਠੇਕਾ ਸੈਕਟਰ 37 ਡੀ ਵਿੱਚ ਲਲਿਤ ਠਾਕੁਰ ਦੁਆਰਾ ਲਿਆ ਗਿਆ ਜੋ 6,20,86,481 ਰੁਪਏ ਦੀ ਰਾਖਵੀਂ ਕੀਮਤ ਦੇ ਮੁਕਾਬਲੇ 7,37,00,019 ਰੁਪਏ ਵਿੱਚ ਸੀ। ਸੈਕਟਰ 20 ਵਿੱਚ ਸ਼ਰਾਬ ਦੇ ਠੇਕੇ ਤੋਂ 2.32 ਕਰੋੜ ਰੁਪਏ ਦੀ ਰਾਖਵੀਂ ਕੀਮਤ ਦੇ ਮੁਕਾਬਲੇ 2.45 ਕਰੋੜ ਰੁਪਏ ਪ੍ਰਾਪਤ ਹੋਏ।
ਚੰਡੀਗੜ੍ਹ ਵਿੱਚ ਸਾਲ 2023-24 ਲਈ ਸ਼ਰਾਬ ਦੇ ਠੇਕਿਆਂ ਦੀ ਪਹਿਲੀ ਵਾਰ ਨਿਲਾਮੀ 15 ਮਾਰਚ ਨੂੰ ਹੋਈ ਸੀ। ਉਸ ਸਮੇਂ ਯੂਟੀ ਪ੍ਰਸ਼ਾਸਨ 55 ਫੀਸਦੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕਰਨ ਵਿੱਚ ਨਾਕਾਮ ਰਿਹਾ ਸੀ। ਉਸ ਸਮੇਂ ਵਿਭਾਗ ਨੇ 95 ਵਿੱਚੋਂ 43 ਸ਼ਰਾਬ ਦੇ ਠੇਕੇ ਨਿਲਾਮ ਕੀਤੇ ਸੀ, ਜਿਸ ਨਾਲ ਵਿਭਾਗ ਨੂੰ 43 ਠੇਕਿਆਂ ਦੀ ਰਾਖਵੀਂ ਕੀਮਤ 202.35 ਕਰੋੜ ਰੁਪਏ ਦੇ ਮੁਕਾਬਲੇ 221.59 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਸੀ।