Chandigarh News: ਭਗਵੰਤ ਮਾਨ ਸਰਕਾਰ ਦੀ ਸ਼ਰਾਬ ਨੀਤੀ ਨੇ ਚੰਡੀਗੜ੍ਹ ਨੂੰ ਵਾਹਣੇ ਪਾਇਆ ਹੋਇਆ ਹੈ। ਹਾਲਤ ਇਹ ਹੈ ਕਿ ਚੰਡੀਗੜ੍ਹ ਵਿੱਚ ਠੇਕੇਦਾਰ ਕਾਰੋਬਾਰ ਕਰਨ ਲਈ ਤਿਆਰ ਨਹੀਂ। ਵਾਰ-ਵਾਰ ਠੇਕਿਆਂ ਦੀ ਨਿਲਾਮੀ ਕਰਨ ਦੇ ਬਾਵਜੂਦ ਠੇਕੇਦਾਰ ਨਾ ਮਿਲਣ ਮਗਰੋਂ ਹੁਣ ਯੂਟੀ ਪ੍ਰਸ਼ਾਸਨ ਨੂੰ ਸ਼ਰਾਬ ਦੇ ਠੇਕਿਆਂ ਦੀਆਂ ਰਾਖਵੀਆਂ ਕੀਮਤਾਂ ’ਚ 25 ਫ਼ੀਸਦ ਤੱਕ ਦੀ ਕਟੌਤੀ ਕਰਨੀ ਪਈ ਹੈ। ਹੁਣ ਵੇਖਣਾ ਹੋਏਗਾ ਕਿ ਇਸ ਕਟੌਤੀ ਮਗਰੋਂ ਠੇਕੇਦਾਰ ਕੋਈ ਰੁਚੀ ਵਿਖਾਉਂਦੇ ਹਨ ਜਾਂ ਨਹੀਂ।



ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ ਛੇ ਵਾਰ ਹੋ ਚੁੱਕੀ ਨਿਲਾਮੀ ਵਿੱਚ ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਨੂੰ ਲੱਗੇ ਝਟਕਿਆਂ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ ਸ਼ਰਾਬ ਦੇ ਠੇਕਿਆਂ ਦੀਆਂ ਰਾਖਵੀਆਂ ਕੀਮਤਾਂ ’ਚ 25 ਫ਼ੀਸਦ ਤੱਕ ਦੀ ਕਟੌਤੀ ਕਰ ਦਿੱਤੀ ਹੈ। ਇਸ ਕਟੌਤੀ ਤੋਂ ਬਾਅਦ ਸ਼ਹਿਰ ਵਿਚਲੇ ਬਾਕੀ ਰਹਿੰਦੇ 25 ਸ਼ਰਾਬ ਦੇ ਠੇਕਿਆਂ ਦੀ ਸੱਤਵੀਂ ਵਾਰ ਨਿਲਾਮੀ 18 ਅਪਰੈਲ ਨੂੰ ਹੋਵੇਗੀ। 


ਇਸ ਗੱਲ ਦੀ ਪੁਸ਼ਟੀ ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਦੇ ਇਕ ਅਧਿਕਾਰੀ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਬਕਾਰੀ ਨੀਤੀ ਦਾ ਅਸਰ ਯੂਟੀ ’ਤੇ ਪੈ ਰਿਹਾ ਹੈ, ਜਿਸ ਕਾਰਨ ਪਹਿਲੀ ਵਾਰ ਯੂਟੀ ਦੇ ਠੇਕਿਆਂ ਦੀਆਂ ਰਾਖਵੀਆਂ ਕੀਮਤਾਂ ’ਚ 25 ਫ਼ੀਸਦ ਤੱਕ ਦੀ ਕਟੌਤੀ ਕੀਤੀ ਗਈ ਹੈ। 



ਦੱਸ ਦਈਏ ਕਿ ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਨੇ ਇਨ੍ਹਾਂ 25 ਠੇਕਿਆਂ ਦੀ ਨਿਲਾਮੀ ਲਈ 11 ਅਪਰੈਲ ਨੂੰ ਨਿਲਾਮੀ ਰੱਖੀ ਸੀ। ਉਸ ਸਮੇਂ ਵੀ ਰਾਖਵੀਂ ਕੀਮਤ ’ਚ 20 ਫ਼ੀਸਦ ਦੀ ਕਟੌਤੀ ਕੀਤੀ ਗਈ ਸੀ। ਠੇਕਿਆਂ ਦੀਆਂ ਰਾਖਵੀਆਂ ਕੀਮਤਾਂ ’ਚ 20 ਫ਼ੀਸਦ ਤੱਕ ਦੀ ਕਟੌਤੀ ਦੇ ਬਾਵਜੂਦ ਕਿਸੇ ਨੇ ਠੇਕਿਆਂ ਦੀ ਨਿਲਾਮੀ ’ਚ ਹਿੱਸਾ ਨਹੀਂ ਲਿਆ। 


ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਨੇ ਵਿੱਤੀ ਵਰ੍ਹੇ 2023-24 ਵਿੱਚ ਆਬਕਾਰੀ ਤੋਂ 830 ਕਰੋੜ ਰੁਪਏ ਕਮਾਉਣ ਦਾ ਟੀਚਾ ਮਿੱਥਿਆ ਹੈ ਪਰ ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਨੇ ਸ਼ਹਿਰ ਵਿੱਚ 95 ਵਿੱਚੋਂ 70 ਠੇਕੇ ਨਿਲਾਮ ਕਰ ਕੇ 354.95 ਕਰੋੜ ਰੁਪਏ ਮਾਲੀਆ ਇਕੱਠਾ ਕੀਤਾ ਹੈ, ਜਦੋਂਕਿ ਰਾਖਵੀਂ ਕੀਮਤ 330.87 ਕਰੋੜ ਰੁਪਏ ਸੀ। 


ਦਰਅਸਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਵੀਂ ਆਬਕਾਰੀ ਨੀਤੀ ਲਾਗੂ ਕੀਤੀ ਗਈ ਹੈ, ਜਿਸ ਦਾ ਅਸਰ ਚੰਡੀਗੜ੍ਹ ਦੇ ਸ਼ਰਾਬ ਕਾਰੋਬਾਰ ’ਤੇ ਪੈ ਰਿਹਾ ਹੈ। ਇਸੇ ਕਰਕੇ ਚੰਡੀਗੜ੍ਹ ਦਾ ਸਭ ਤੋਂ ਮਹਿੰਗਾ ਵਿਕਣ ਵਾਲਾ ਧਨਾਸ ਵਾਲਾ ਸ਼ਰਾਬ ਦਾ ਠੇਕਾ ਵੀ ਪਹਿਲੀ ਵਾਰ ਨਿਲਾਮੀ ਵਿੱਚ ਨਿਲਾਮ ਹੀ ਨਹੀਂ ਹੋ ਸਕਿਆ ਸੀ। 


ਇਹ ਠੇਕਾ ਦੋ ਸਾਲਾਂ ਤੱਕ ਸਭ ਤੋਂ ਮਹਿੰਗੇ ਭਾਅ ’ਤੇ ਵਿਕਦਾ ਰਿਹਾ ਸੀ। ਸਾਲ 2022 ’ਚ ਇਹ ਠੇਕਾ 12.78 ਕਰੋੜ ਰੁਪਏ ਵਿੱਚ ਨਿਲਾਮ ਹੋਇਆ ਸੀ, ਜਦੋਂ ਕਿ ਇਸ ਦੀ ਰਾਖਵੀਂ ਕੀਮਤ 10.39 ਕਰੋੜ ਰੁਪਏ ਸੀ। ਇਸੇ ਤਰ੍ਹਾਂ ਸਾਲ 2021 ਵਿੱਚ ਇਹ ਠੇਕਾ 11.55 ਕਰੋੜ ਰੁਪਏ ਵਿੱਚ ਨਿਲਾਮ ਹੋਇਆ ਸੀ।