Chandigarh News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਜੰਗ ਨਿੱਜੀ ਹੋ ਗਈ ਹੈ। ਸੀਐਮ ਮਾਨ ਵੱਲੋਂ ਮਜੀਠੀਆ ਦੇ ਦਾਦਾ ਸੁਰਜੀਤ ਸਿੰਘ ਮਜੀਠੀਆ ਉਪਰ ਅਰਬੀ ਘੋੜੇ ਗਾਇਬ ਕਰਨ ਦੇ ਇਲਜ਼ਾਮ ਲਾਉਣ ਮਗਰੋਂ ਬਿਕਰਮ ਮਜੀਠੀਆ ਲਗਾਤਾਰ ਸੀਐਮ ਮਾਨ ਉੱਪਰ ਤਿੱਖੇ ਹਮਲੇ ਕਰ ਰਹੇ ਹਨ।


ਮਜੀਠੀਆ ਨੇ ਸੀਐਮ ਭਗਵੰਤ ਮਾਨ ਦੀ ਧੀ (Bhagwant Mann Daughter) ਤੇ ਪਹਿਲੀ ਪਤਨੀ ਦੀ ਵੀਡੀਓ ਸਾਂਝੀ ਕਰਦਿਆਂ ਤਿੱਖਾ ਹਮਲਾ ਬੋਲਿਆ ਹੈ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਨਿਭਾਉਣ ’ਚ ਅਸਫ਼ਲ ਰਹੇ ਹਨ। ਉਨ੍ਹਾਂ ਸੀਐਮ ਮਾਨ ਨੂੰ ਅਪੀਲ ਕੀਤੀ ਕਿ ਉਹ ਆਪਣੀ ਗ਼ਲਤੀ ਸੁਧਾਰਦੇ ਹੋਏ ਬੱਚਿਆਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ।


ਆਪਣੇ ਦਾਦਾ ਸਰਦਾਰ ਸੁਰਜੀਤ ਸਿੰਘ ਮਜੀਠੀਆ ਬਾਰੇ ਮੁੱਖ ਮੰਤਰੀ ਵੱਲੋਂ ਕੀਤੀ ਗਈ ਟਿੱਪਣੀ ਦੇ ਜਵਾਬ ਵਿੱਚ ਮਜੀਠੀਆ ਨੇ ਕਿਹਾ ਕਿ ਸੱਚ ਇਹ ਹੈ ਕਿ ਉਨ੍ਹਾਂ ਦੇ ਦਾਦਾ ਜੀ ਨੂੰ 1947 ਵਿੱਚ ਨੇਪਾਲ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਸੀ, ਜਿਸ ਮਗਰੋਂ ਉਹ ਦੋ ਸਾਲ ਰਾਜਦੂਤ ਰਹੇ। ਫਿਰ 1952 ਵਿੱਚ ਹੋਈਆਂ ਚੋਣਾਂ ਮਗਰੋਂ ਉਹ ਕੇਂਦਰੀ ਵਜ਼ਾਰਤ ਦਾ ਹਿੱਸਾ ਬਣੇ।


ਇਸ ਤੋਂ ਪਹਿਲਾਂ ਮਜੀਠੀਆ ਨੇ ਮੁੱਖ ਮੰਤਰੀ ਦੀ ਪਹਿਲੀ ਪਤਨੀ ਇੰਦਰਪ੍ਰੀਤ ਗਰੇਵਾਲ ਦੀ ਸੋਸ਼ਲ ਮੀਡੀਆ ਪੋਸਟ ਦਿਖਾਈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਭਗਵੰਤ ਮਾਨ ਆਪਣੇ ਦੋਵੇਂ ਬੱਚਿਆਂ ਦੀ ਜ਼ਿੰਮੇਵਾਰੀ ਨਿਭਾਉਣ ’ਚ ਅਸਫ਼ਲ ਰਹੇ ਹਨ। ਇਸ ਪੋਸਟ ਵਿੱਚ ਇੰਦਰਪ੍ਰੀਤ ਨੇ ਕਿਹਾ ਹੈ ਕਿ ਉਹ ਹਮੇਸ਼ਾ ਰਾਜਨੀਤੀ ਤੋਂ ਦੂਰ ਰਹੇ ਹਨ ਪਰ ਹੁਣ ਮੁੱਖ ਮੰਤਰੀ ਖ਼ਿਲਾਫ਼ ਇਸ ਕਰਕੇ ਬੋਲ ਰਹੇ ਹਨ ਕਿਉਂਕਿ ਚੁੱਪ ਰਹਿਣਾ ਉਨ੍ਹਾਂ ਦੀ ਕਮਜ਼ੋਰੀ ਸਮਝਿਆ ਜਾਵੇਗਾ। ਇੰਦਰਪ੍ਰੀਤ ਨੇ ਪੋਸਟ ਵਿੱਚ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਲਈ ਆਪਣਾ ਪਰਿਵਾਰ ਛੱਡਣ ਦਾ ਡਰਾਮਾ ਕੀਤਾ, ਜੇਕਰ ਅਜਿਹਾ ਹੁੰਦਾ ਤਾਂ ਉਹ ਨਵਾਂ ਪਰਿਵਾਰ ਨਾ ਬਣਾਉਂਦੇ।


ਇਸ ਦੌਰਾਨ ਅਕਾਲੀ ਆਗੂ ਨੇ ਮੁੱਖ ਮੰਤਰੀ ਦੀ ਧੀ (Bhagwant Mann Daughter) ਦੀ ਵੀਡੀਓ ਵੀ ਦਿਖਾਈ ਜਿਸ ਵਿੱਚ ਉਸ ਨੇ ਕਿਹਾ ਹੈ ਕਿ ਪਹਿਲਾਂ ਉਨ੍ਹਾਂ ਦੇ ਭਰਾ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਤੇ ਫਿਰ ਅੱਧੀ ਰਾਤ ਨੂੰ ਬਾਹਰ ਕੱਢ ਦਿੱਤਾ ਗਿਆ। ਵੀਡੀਓ ਵਿੱਚ ਮੁੱਖ ਮੰਤਰੀ ਦੀ ਧੀ ਨੇ ਆਪਣੇ ਪਿਤਾ ’ਤੇ ਦੋਸ਼ ਲਾਇਆ ਕਿ ਉਹ ਸ਼ਰਾਬ ਪੀ ਕੇ ਉਨ੍ਹਾਂ ਦੀ ਮਾਤਾ ਨਾਲ ਕੁੱਟਮਾਰ ਕਰਦੇ ਸਨ। ਮਜੀਠੀਆ ਨੇ ਕਿਹਾ ਕਿ ਜਿਹੜਾ ਵਿਅਕਤੀ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨਹੀਂ ਨਿਭਾਅ ਸਕਦਾ, ਉਹ ਪੰਜਾਬ ਦੀ ਜ਼ਿੰਮੇਵਾਰੀ ਕੀ ਉਠਾਏਗਾ।