Chandigarh News: ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੁੱਗਾਮੇੜੀ ਕਤਲ ਕਾਂਡ ਦੇ ਤਿੰਨ ਹੋਰ ਮੁਲਜ਼ਮਾਂ ਨੂੰ ਪੁਲਿਸ ਨੇ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਚੰਡੀਗੜ੍ਹ (Chandigarh) ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਚੰਡੀਗੜ੍ਹ ਸੈਕਟਰ 22 ਏ ਵਿੱਚ ਇੱਕ ਸ਼ਰਾਬ ਦੇ ਠੇਕੇ ਦੇ ਉੱਪਰ ਬਣੇ ਕਮਰੇ ਵਿੱਚ ਲੁਕੇ ਹੋਏ ਸਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਰੋਹਿਤ ਰਾਠੌਰ ਤੇ ਨਿਤਿਨ ਫੌਜੀ ਇਸ ਕਤਲ ਦੇ ਮੁੱਖ ਮੁਲਜ਼ਮ ਹਨ। ਤੀਜੇ ਮੁਲਜ਼ਮ ਬਾਰੇ ਅਜੇ ਤੱਕ ਜਾਣਕਾਰੀ ਸਾਹਮਣੇ ਨਹੀਂ ਆਈ।
ਦਿੱਲੀ ਪੁਲਿਸ (Delhi Police) ਦੀ ਕ੍ਰਾਈਮ ਬ੍ਰਾਂਚ ਨੇ ਰਾਜਸਥਾਨ ਪੁਲਿਸ (Rajasthan Police) ਨਾਲ ਸਾਂਝੇ ਆਪਰੇਸ਼ਨ ਵਿੱਚ ਇਹ ਸਫਲਤਾ ਹਾਸਲ ਕੀਤੀ ਹੈ। ਤਿੰਨਾਂ ਮੁਲਜ਼ਮਾਂ ਨੂੰ ਦਿੱਲੀ ਕ੍ਰਾਈਮ ਬ੍ਰਾਂਚ ਦੇ ਦਫਤਰ ਲਿਜਾਇਆ ਗਿਆ ਹੈ, ਜਿੱਥੋਂ ਉਨ੍ਹਾਂ ਨੂੰ ਜੈਪੁਰ ਲਿਜਾਇਆ ਜਾਵੇਗਾ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਜੈਪੁਰ ਪੁਲਿਸ ਨੇ ਸ਼ੂਟਰਾਂ ਦੀ ਮਦਦ ਕਰਨ ਵਾਲੇ ਰਾਮਵੀਰ ਨੂੰ ਗ੍ਰਿਫਤਾਰ ਕੀਤਾ ਸੀ।
ਪੁਲਿਸ ਮੁਤਾਬਕ ਇਹ ਸ਼ੂਟਰ ਨਿਤਿਨ ਫੌਜੀ ਦਾ ਦੋਸਤ ਹੈ। ਸ਼ਨੀਵਾਰ ਰਾਤ ਨੂੰ ਗ੍ਰਿਫਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਵਿੱਚੋਂ ਇੱਕ ਰੋਹਿਤ ਰਾਠੌਰ (ਰੋਹਿਤ ਗੋਦਾਰਾ) ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੋਹ ਦਾ ਸਰਗਨਾ ਹੈ। ਉਸ ਨੇ ਸੁਖਦੇਵ ਗੋਗਾਮੇੜੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਪੁਲਿਸ ਨੇ ਉਸ 'ਤੇ ਇੱਕ ਲੱਖ ਰੁਪਏ ਦਾ ਇਨਾਮ ਐਲਾਨਿਆ ਸੀ।
ਗੋਦਾਰਾ 2022 'ਚ ਫਰਜ਼ੀ ਨਾਂ 'ਤੇ ਪਾਸਪੋਰਟ ਬਣਵਾ ਕੇ ਦੇਸ਼ ਛੱਡ ਕੇ ਭੱਜ ਗਿਆ ਸੀ। ਗੋਦਾਰਾ ਵਿਦੇਸ਼ ਜਾਣ ਤੋਂ ਪਹਿਲਾਂ ਬੀਕਾਨੇਰ ਦੇ ਲੁੰਕਰਨਸਰ ਦੇ ਕਪੂਰੀਸਰ ਵਿੱਚ ਰਹਿੰਦਾ ਸੀ। ਉਹ 2019 ਵਿੱਚ ਸਰਦਾਰਸ਼ਹਿਰ, ਚੁਰੂ ਵਿੱਚ ਭੀਮਰਾਜ ਸ਼ਰਨ ਦੇ ਕਤਲ ਕੇਸ ਵਿੱਚ ਵੀ ਮੁੱਖ ਮੁਲਜ਼ਮ ਸੀ। ਗੋਦਾਰਾ ਨੇ ਗੈਂਗਸਟਰ ਰਾਜੂ ਠੇਹਟ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ।
ਦੱਸ ਦਈਏ ਕਿ 5 ਦਸੰਬਰ ਨੂੰ ਦਿਨ-ਦਿਹਾੜੇ ਦੋ ਬਦਮਾਸ਼ਾਂ ਨੇ ਗੋਗਾਮੇਡੀ 'ਤੇ ਗੋਲੀਆਂ ਚਲਾਈਆਂ ਤੇ ਫ਼ਰਾਰ ਹੋ ਗਏ। ਗੋਗਾਮੇਡੀ ਨੂੰ ਮੈਟਰੋ ਮਾਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਸਮੇਂ ਉਥੇ ਮੌਜੂਦ ਗਾਰਡ ਅਜੀਤ ਸਿੰਘ ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ ਸੀ। ਬਦਮਾਸ਼ਾਂ ਦੀ ਗੋਲੀਬਾਰੀ 'ਚ ਨਵੀਨ ਸ਼ੇਖਾਵਤ ਦੀ ਵੀ ਮੌਤ ਹੋ ਗਈ ਸੀ। ਨਵੀਨ ਬਦਮਾਸ਼ਾਂ ਨੂੰ ਗੋਗਾਮੇੜੀ ਦੇ ਘਰ ਲੈ ਗਿਆ ਸੀ।