Chandigarh Weather Update: ਚੰਡੀਗੜ੍ਹ ਵਿੱਚ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਅੱਜ 31 ਜੁਲਾਈ ਤੇ 1 ਅਗਸਤ ਨੂੰ ਚੰਡੀਗੜ੍ਹ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਇਨ੍ਹਾਂ ਦੋਵਾਂ ਦਿਨਾਂ 'ਚ ਸ਼ਹਿਰ 'ਚ ਭਾਰੀ ਬਾਰਸ਼ ਹੋਵੇਗੀ। ਇਸ ਦੌਰਾਨ ਤੂਫਾਨ ਆਉਣ ਦੀ ਵੀ ਸੰਭਾਵਨਾ ਹੈ। ਬਾਰਸ਼ ਬਹੁਤ ਤੇਜ਼ ਗਰਜ ਤੇ ਬਿਜਲੀ ਨਾਲ ਹੋਵੇਗੀ।
ਇਸ ਮਾਨਸੂਨ ਸੀਜ਼ਨ ਵਿੱਚ ਮੌਸਮ ਵਿਭਾਗ ਨੇ ਇਨ੍ਹਾਂ ਦੋ ਦਿਨਾਂ ਵਿੱਚ ਸਭ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਮੀਂਹ ਦੌਰਾਨ ਬਾਹਰ ਨਾ ਨਿਕਲਣ, ਦਰੱਖਤਾਂ ਦਾ ਸਹਾਰਾ ਨਾ ਲੈਣ ਤੇ ਬਿਜਲੀ ਦੀਆਂ ਤਾਰਾਂ ਤੋਂ ਦੂਰ ਖੜ੍ਹੇ ਰਹਿਣ ਦੀ ਵੀ ਸਲਾਹ ਦਿੱਤੀ ਹੈ।
ਦੱਸ ਦਈਏ ਕਿ ਕੱਲ੍ਹ ਟ੍ਰਾਈਸਿਟੀ ਦੇ ਕੁਝ ਹਿੱਸਿਆਂ ਵਿੱਚ ਮੀਂਹ ਪਿਆ ਸੀ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ 'ਚ 30.4 ਮਿਲੀਮੀਟਰ ਮੀਂਹ ਪਿਆ ਜਦੋਂਕਿ ਅੰਤਰਰਾਸ਼ਟਰੀ ਹਵਾਈ ਅੱਡੇ ਮੁਹਾਲੀ 'ਤੇ ਹਲਕੀ ਬਾਰਸ਼ ਹੋਈ, ਜਿਸ ਦਾ ਪਤਾ ਵੀ ਨਹੀਂ ਲੱਗਾ। ਮੌਸਮ ਵਿਭਾਗ ਨੇ ਮੁਹਾਲੀ ਵਿੱਚ ਕੋਈ ਬਾਰਸ਼ ਦਰਜ ਨਹੀਂ ਕੀਤੀ।
ਅਜਿਹੇ 'ਚ ਸ਼ਹਿਰ ਦਾ ਤਾਪਮਾਨ ਹੇਠਾਂ ਨਹੀਂ ਆ ਰਿਹਾ। ਕੱਲ੍ਹ ਵੱਧ ਤੋਂ ਵੱਧ ਤਾਪਮਾਨ 36.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਅਜੇ ਵੀ ਆਮ ਨਾਲੋਂ 3 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਨੇ ਦੋ ਦਿਨਾਂ ਦੀ ਬਾਰਸ਼ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ ਦੀ ਉਮੀਦ ਜਤਾਈ ਹੈ। ਫਿਲਹਾਲ ਸ਼ਹਿਰ ਦਾ ਤਾਪਮਾਨ 29 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ ਹੈ। ਹਵਾ ਵਿੱਚ ਨਮੀ ਦਾ ਪੱਧਰ 91% ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਅੱਜ ਦੀ ਬਾਰਸ਼ ਤੋਂ ਬਾਅਦ 1 ਅਗਸਤ ਤੋਂ ਤਾਪਮਾਨ 'ਚ ਗਿਰਾਵਟ ਆਵੇਗੀ। 1 ਅਗਸਤ ਨੂੰ ਤਾਪਮਾਨ 32 ਡਿਗਰੀ ਸੈਲਸੀਅਸ ਤੱਕ ਡਿੱਗ ਜਾਵੇਗਾ। 2 ਅਗਸਤ ਨੂੰ ਫਿਰ ਤੋਂ ਤਾਪਮਾਨ 1 ਡਿਗਰੀ ਸੈਲਸੀਅਸ ਹੇਠਾਂ ਆ ਜਾਵੇਗਾ।
ਕੱਲ੍ਹ ਮੁਹਾਲੀ ਵਿੱਚ ਵੱਧ ਤੋਂ ਵੱਧ ਤਾਪਮਾਨ 37.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੁਹਾਲੀ ਵਿੱਚ ਵੀ 1 ਅਗਸਤ ਤੋਂ ਬਾਅਦ ਡਿੱਗਣਾ ਸ਼ੁਰੂ ਹੋ ਜਾਵੇਗਾ। ਮੌਸਮ ਵਿਭਾਗ ਅਨੁਸਾਰ ਹਵਾ ਵਿੱਚ ਵੱਧ ਤੋਂ ਵੱਧ ਨਮੀ 92% ਦਰਜ ਕੀਤੀ ਗਈ ਹੈ ਜਦੋਂ ਕਿ ਘੱਟੋ-ਘੱਟ ਨਮੀ 63% ਦੇ ਕਰੀਬ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।