Panjab University Chandigarh, Murder Viral Video: ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ (PU) ਵਿੱਚ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੇ ਸ਼ੋਅ ਦੌਰਾਨ ਵਿਦਿਆਰਥੀਆਂ ਦੇ ਦੋ ਗੁੱਟਾਂ ਵਿਚਾਲੇ ਹਿੰਸਕ ਝੜਪ ਹੋ ਗਈ। ਇਸ ਦੌਰਾਨ ਹਮਲਾਵਰਾਂ ਨੇ ਚਾਕੂ ਨਾਲ 4 ਵਿਦਿਆਰਥੀਆਂ ਨੂੰ ਜ਼ਖਮੀ ਕਰ ਦਿੱਤਾ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ।

ਮਾਮਲਾ ਹੋਇਆ ਦਰਜ

ਮਰਨ ਵਾਲਾ ਵਿਦਿਆਰਥੀ ਆਦਿਤਿਆ ਠਾਕੁਰ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਉਹ PU ਵਿੱਚ ਟੀਚਰ ਟ੍ਰੇਨਿੰਗ ਦਾ ਦੂਜਾ ਸਾਲ ਕਰ ਰਿਹਾ ਸੀ। ਮਾਮਲੇ ਵਿੱਚ ਸੈਕਟਰ 11 ਥਾਣਾ ਪੁਲਿਸ ਨੇ ਕਤਲ ਦਾ ਕੇਸ ਦਰਜ ਕਰ ਲਿਆ ਹੈ।

ਇਸ ਹੱਤਿਆ ਨਾਲ ਜੁੜੇ ਹੁਣ ਤੱਕ 3 ਵੀਡੀਓ ਸਾਹਮਣੇ ਆਏ ਹਨ। 2 ਵੀਡੀਓਜ਼ ਵਿੱਚ ਵਿਦਿਆਰਥੀ ਆਪਸ ਵਿੱਚ ਝਗੜਦੇ ਹੋਏ ਦਿੱਖ ਰਹੇ ਹਨ, ਜਦਕਿ ਤੀਜੇ ਵੀਡੀਓ ਵਿੱਚ ਹਮਲਾਵਰ ਵਿਦਿਆਰਥੀਆਂ ਨੂੰ ਚਾਕੂ ਮਾਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਨੇ ਡੂੰਘੇ ਜ਼ਖਮਾਂ ਦੇ ਚੱਲਦੇ ਦਮ ਤੋੜ ਦਿੱਤਾ। ਹਮਲੇ ਦੌਰਾਨ ਪਿੱਛੇ ਗਾਇਕ ਮਾਸੂਮ ਸ਼ਰਮਾ ਦੇ ਗੀਤਾਂ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਹਨ।

ਪੁਲਿਸ ਦੀ ਸ਼ੁਰੂਆਤੀ ਜਾਣਕਾਰੀ ਮੁਤਾਬਕ, ਸ਼ੁੱਕਰਵਾਰ ਰਾਤ ਨੂੰ PU ਵਿੱਚ ਮਾਸੂਮ ਸ਼ਰਮਾ ਦਾ ਸ਼ੋਅ ਚਲ ਰਿਹਾ ਸੀ। ਇਸ ਦੌਰਾਨ ਸਟੇਜ ਦੇ ਪਿੱਛੇ 2 ਗੁੱਟਾਂ ਵਿਚਕਾਰ ਝੜਪ ਹੋ ਗਈ। ਇਸ ਹਿੰਸਕ ਝਗੜੇ ਦੌਰਾਨ 4 ਵਿਦਿਆਰਥੀ ਜ਼ਖਮੀ ਹੋ ਗਏ।

ਵਰਦਾਤ ਤੋਂ ਬਾਅਦ ਮੁਲਜ਼ਮ ਹੋਏ ਫਰਾਰ

ਹਮਲਾਵਰ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ, ਪੁਲਿਸ ਨੇ ਮੌਕਾ-ਇਨਸਪੈਕਸ਼ਨ ਕੀਤਾ ਅਤੇ ਜ਼ਖਮੀ ਵਿਦਿਆਰਥੀਆਂ ਨੂੰ ਹਸਪਤਾਲ ਪਹੁੰਚਾਇਆ। ਉੱਥੇ ਇਲਾਜ ਦੌਰਾਨ, ਆਦਿਤਿਆ ਨੇ ਦਮ ਤੋੜ ਦਿੱਤਾ।

ਸ਼ੁੱਕਰਵਾਰ ਰਾਤ ਨੂੰ PU ਵਿੱਚ ਮਾਸੂਮ ਸ਼ਰਮਾ ਦਾ ਸ਼ੋਅ ਹੋਇਆ। ਇਸਨੂੰ ਦੇਖਣ ਲਈ ਦੁਪਹਿਰ ਤੋਂ ਹੀ ਵਿਦਿਆਰਥੀ ਅਤੇ ਹੋਰ ਲੋਕ ਪਹੁੰਚਣ ਲੱਗੇ ਸਨ। ਮਾਸੂਮ ਸ਼ਰਮਾ ਸ਼ਾਮ 6 ਵਜੇ PU ਪਹੁੰਚੇ। ਉਨ੍ਹਾਂ ਨੇ ਆਪਣੇ ਮਸ਼ਹੂਰ ਗੀਤਾਂ ਦੇ ਨਾਲ ਸਮਾਂ ਬੰਨਿਆ, ਜਿਸ ਦੌਰਾਨ ਵਿਦਿਆਰਥੀ ਸ਼ੋਰ ਮਚਾਉਂਦੇ ਹੋਏ ਨੱਚਦੇ ਰਹੇ।

ਜਦੋਂ ਮਾਸੂਮ ਸ਼ਰਮਾ ਸਟੇਜ ‘ਤੇ ਸ਼ੋਅ ਕਰ ਰਹੇ ਸਨ, ਉਸ ਦੌਰਾਨ ਲਾਊਡਸਪੀਕਰ ਦੀ ਆਵਾਜ਼ ਬਹੁਤ ਉੱਚੀ ਸੀ। ਠੀਕ ਉਸੇ ਸਮੇਂ ਸਟੇਜ ਦੇ ਪਿੱਛੇ ਝਗੜਾ ਸ਼ੁਰੂ ਹੋ ਗਿਆ। ਲਾਊਡਸਪੀਕਰ ਦੀ ਉੱਚੀ ਆਵਾਜ਼ ਅਤੇ ਵਿਦਿਆਰਥੀਆਂ ਦੇ ਸ਼ੋਰ ਕਾਰਨ ਝਗੜੇ ਦੀ ਆਵਾਜ਼ ਕਿਸੇ ਨੂੰ ਸੁਣਾਈ ਨਹੀਂ ਦਿੱਤੀ। ਜਦੋਂ ਜ਼ਖਮੀ ਆਦਿਤਿਆ ਠਾਕੁਰ ਜ਼ਮੀਨ ‘ਤੇ ਡਿੱਗਿਆ, ਤਾਂ ਉੱਥੇ ਮੌਜੂਦ ਹੋਰ ਵਿਦਿਆਰਥੀ ਚਿਲਾਉਣ ਲੱਗੇ। ਮਾਮਲੇ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ।