Chandigarh News: ਨਵੇਂ ਸਾਲ ਨੂੰ ਚੰਡੀਗੜ੍ਹੀਆਂ ਨੇ ਬੜੇ ਹੀ ਉਤਸ਼ਾਹ ਨਾਲ ਖੁਸ਼ਾਮਦੀਦ ਕਿਹਾ। ਦੇਰ ਰਾਤ ਤੱਕ ਲੋਕਾਂ ਨੇ ਖੁਸ਼ੀਆਂ ਮਨਾਈਆਂ। ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਲਗਪਗ 100 ਤੋਂ ਵੱਧ ਕਲੱਬਾਂ ਤੇ ਹੋਟਲਾਂ ਵਿੱਚ ਸਮਾਗਮ ਰੱਖੇ ਗਏ। ਇਸ ਦੌਰਾਨ ਕਲੱਬਾਂ ਵਿੱਚ ਹਰੇਕ ਵਰਗ ਦੇ ਲੋਕ ਆਨੰਦ ਮਾਣਦੇ ਦਿਖਾਈ ਦਿੱਤੇ। ਸ਼ਹਿਰ ਵਿੱਚ ਪੈ ਰਹੀ ਕੜਾਕੇ ਦੀ ਠੰਢ ਦੇ ਬਾਵਜੂਦ ਵੱਡੀ ਗਿਣਤੀ ਲੋਕ ਏਲਾਂਤੇ ਮਾਲ ਸਣੇ ਸ਼ਹਿਰ ਵਿੱਚ ਹੋਰ ਘੁੰਮਣ ਵਾਲੀਆਂ ਥਾਵਾਂ ’ਤੇ ਪਹੁੰਚੇ ਤੇ ਨਵਾਂ ਸਾਲ ਮਨਾਇਆ।
ਨਵੇਂ ਸਾਲ ਦੇ ਆਗਾਜ਼ ਲਈ ਵੱਖ-ਵੱਖ ਕਲੱਬਾਂ ਤੇ ਹੋਟਲਾਂ ਵਾਲਿਆਂ ਵੱਲੋਂ ਗਾਇਕਾਂ ਨੂੰ ਸੱਦਿਆ ਗਿਆ। ਇਸ ਮੌਕੇ ਚੰਡੀਗੜ੍ਹ ਫਾਰੈਸਟ ਹਿਲ ਵਿੱਚ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਗਾਇਕੀ ਦੇ ਰੰਗ ਬਿਖੇਰੇ ਜਿੱਥੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਕਾਰੋਬਾਰੀਆਂ, ਰਾਜਸੀ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਰਤਾਜ ਦੀ ਗਾਇਕੀ ਦਾ ਆਨੰਦ ਮਾਨਿਆ। ਇਸ ਤਰ੍ਹਾਂ ਸੈਕਟਰ-26, 7, 8, 9, 10, 22, 35, 43, 17 ਸਣੇ ਹੋਰਨਾਂ ਸੈਕਟਰਾਂ ਵਿੱਚ ਸਥਿਤ ਹੋਟਲਾਂ ਤੇ ਕਲੱਬਾਂ ਵਿੱਚ ਵੀ ਰੌਣਕ ਲੱਗੀ ਰਹੀ।
ਦੂਜੇ ਪਾਸੇ ਚੰਡੀਗੜ੍ਹ ਪੁਲਿਸ ਵੱਲੋਂ ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ ਅਮਨ-ਕਾਨੂੰਨ, ਸੁਰੱਖਿਆ ਤੇ ਟਰੈਫਿਕ ਵਿਵਸਥਾ ਸਬੰਧੀ ਸਖ਼ਤ ਪ੍ਰਬੰਧ ਕੀਤੇ ਗਏ। ਚੰਡੀਗੜ੍ਹ ਪੁਲਿਸ ਦੇ 1952 ਮੁਲਾਜ਼ਮਾਂ ਨੇ ਸ਼ਹਿਰ ਦੀਆਂ ਅੰਦਰੂਨੀ ਸੜਕਾਂ ’ਤੇ 43 ਅਤੇ ਬਾਹਰੀ ਸੜਕਾਂ 9 ਥਾਵਾਂ ’ਤੇ ਨਾਕੇ ਲਾਏ।
ਇਸ ਦੌਰਾਨ ਪੁਲਿਸ ਨੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਨੂੰ ਰੋਕਣ ਲਈ ਵੀ ਵਿਸ਼ੇਸ਼ ਨਾਕੇ ਲਾਏ ਗਏ। ਪੁਲਿਸ ਵੱਲੋਂ ਸ਼ਹਿਰ ਦੇ ਪੱਬਾਂ, ਬਾਰਾਂ, ਸੈਕਟਰ 17 ਪਲਾਜ਼ਾ, ਏਲਾਂਤੇ ਮਾਲ, ਅਰੋਮਾ ਹੋਟਲ ਚੌਕ ਤੇ ਆਈਐਸਬੀਟੀ ਸੈਕਟਰ 43 ਤੇ 17 ਦੇ ਆਲੇ-ਦੁਆਲੇ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ।
ਮੁਹਾਲੀ ਵਿੱਚ ਪੁਲਿਸ ਨੇ ਵਰਤੀ ਪੂਰੀ ਸਖ਼ਤੀ
ਮੁਹਾਲੀ ਤੋਂ ਮਿਲੀ ਰਿਪੋਰਟ ਮੁਤਾਬਕ ਨਵੇਂ ਸਾਲ ਦੀ ਆਮਦ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਤੇ ਕਰਮਚਾਰੀ ਦੇਰ ਰਾਤ ਤੱਕ ਸੜਕਾਂ ’ਤੇ ਤਾਇਨਾਤ ਰਹੇ। ਦੇਰ ਸ਼ਾਮ ਰੂਪਨਗਰ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਤੇ ਮੁਹਾਲੀ ਦੇ ਐਸਐਸਪੀ ਡਾ. ਸੰਦੀਪ ਗਰਗ ਦੀ ਅਗਵਾਈ ਹੇਠ ਵੱਖ-ਵੱਖ ਮਾਰਕੀਟਾਂ ਤੇ ਐਂਟਰੀ ਪੁਆਇੰਟਾਂ ’ਤੇ ਸ਼ਿਫ਼ਟਿੰਗ ਨਾਕੇ ਲਾ ਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੀਤੇ ਗਏ।
ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੇਰ ਤੱਕ ਸਮੁੱਚੇ ਮੁਹਾਲੀ ਜ਼ਿਲ੍ਹੇ ਅੰਦਰ ਸਮੂਹ ਐਂਟਰੀ ਪੁਆਇੰਟਾਂ ਤੇ ਗੁਆਂਢੀ ਸੂਬਿਆਂ ਨਾਲ ਹੱਦਾਂ ’ਤੇ ਕਰੀਬ ਦੋ ਦਰਜਨ ਨਾਕੇ ਲਗਾਏ ਗਏ ਤੇ ਸ਼ਹਿਰੀ ਤੇ ਦਿਹਾਤੀ ਖੇਤਰ ਵਿੱਚ ਵੱਡੀ ਮਾਤਰਾ ਵਿੱਚ ਪੁਲੀਸ ਅਧਿਕਾਰੀਅਤੇ ਕਰਮਚਾਰੀ ਤਾਇਨਾਤ ਰਹੇ।