ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਰਾਜ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਵਿਖ਼ੇ ਹੋਏ ‘ਏਅਰ ਸ਼ੋਅ’ ਦੌਰਾਨ ਗੈਰ-ਹਾਜ਼ਰੀ ’ਤੇ ਸਵਾਲ ਉਠਾਏ ਹਨ।
ਸਨਿਚਰਵਾਰ ਨੂੰ ਦੇਸ਼ ਦੀ ਹਵਾਈ ਸੈਨਾ ਦੇ 90ਵੇਂ ਸਥਾਪਨਾ ਦਿਵਸ ਮੌਕੇ ਪਹਿਲੀ ਵਾਰ ਦਿੱਲੀ ਦੀ ਬਜਾਏ ਚੰਡੀਗੜ੍ਹ ਦੀ ਸੁਖ਼ਨਾ ਝੀਲ ’ਤੇ ਰੱਖੇ ਗਏ ‘ਏਅਰ ਸ਼ੋਅ’ ਸੰਬੰਧੀ ਸਮਾਗਮ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਮੁੱਖ ਮਹਿਮਾਨ ਸਨ। ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਰੱਖ਼ਿਆ ਮੰਤਰੀ ਰਾਜਨਾਥ ਸਿੰਘ, ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਇਸ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹਾਜ਼ਰ ਨਹੀਂ ਸਨ ਕਿਉਂਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਦੋ ਰੋਜ਼ਾ ਗੁਜਰਾਤ ਦੌਰੇ ’ਤੇ ਹਨ ਜਿੱਥੇ ਚੋਣ ਪ੍ਰਚਾਰ ਲਈ ਤਿਰੰਗਾ ਯਾਤਰਾ ਸਣੇ ਹੋਰ ਪ੍ਰੋਗਰਾਮ ਉਲੀਕੇ ਗਏ ਹਨ।
ਸਨਿਚਰਵਾਰ ਦੇ ਏਅਰ ਸ਼ੋਅ ਸਮਾਗਮ ਮੌਕੇ ਆਪਣੇ ਸੰਬੋਧਨ ਦੌਰਾਨ ਹੀ ਭਗਵੰਤ ਮਾਨ ਦੀ ਗੈਰ-ਹਾਜ਼ਰੀ ’ਤੇ ਨਿਸ਼ਾਨਾ ਸਾਧਦਿਆਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਰਾਸ਼ਟਰਪਤੀ ਇੱਥੇ ਹਨ, ਮੁੱਖ ਮੰਤਰੀ ਕਿੱਥੇ ਹਨ? ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਸਮਾਗਮ ਦਾ ਸੱਦਾ ਦਿੱਤਾ ਸੀ ਪਰ ਮੁੱਖ ਮੰਤਰੀ ਗੈਰ ਹਾਜ਼ਰ ਹਨ।
ਜ਼ਿਕਰਯੋਗ ਹੈ ਕਿ ਸਨਿਚਰਵਾਰ ਨੂੰ ਹੀ ਭਗਵੰਤ ਮਾਨ ਗੁਜਰਾਤ ਵਿੱਚ ਵਡੋਦਰਾ ਵਿਖ਼ੇ ਕੇਜਰੀਵਾਲ ਦੇ ਨਾਲ ਤਿਰੰਗਾ ਯਾਤਰਾ ਕੱਢ ਰਹੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕੇਜਰੀਵਾਲ ਨੇ ਦੂਜੇ ਸੂਬਿਆਂ ਵਿੱਚ ਚੋਣ ਪ੍ਰਚਾਰ ਦੇ ਚੱਲਦਿਆਂ 2 ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਮਹਾਤਮਾ ਗਾਂਧੀ ਦੀ ਸਮਾਧੀ ’ਤੇ ਹੋਏ ਸਮਾਗਮ ਵਿੱਚ ਸ਼ਮੂਲੀਅਤ ਨਹੀਂ ਕੀਤੀ ਸੀ ਜਿਸ ਕਾਰਨ ਇਹ ਮੁੱਦਾ ਵੀ ਚਰਚਾ ਵਿੱਚ ਰਿਹਾ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ