Punjab Weather: ਪੱਛਮੀ ਹਿਮਾਲਿਆ ਵਿੱਚ ਰਾਤ ਤੋਂ ਹੀ ਵੈਸਟਰਨ ਡਿਸਟਰਬੈਂਸ (WD) ਐਕਟਿਵ ਹੋਇਆ ਹੈ। ਜਿਸ ਦਾ ਅਸਰ ਪਹਾੜਾਂ 'ਚ ਦੇਖਣ ਨੂੰ ਮਿਲੇਗਾ। ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ 'ਚ ਬਰਫਬਾਰੀ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ 'ਚ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।
ਇਹੀ ਵੈਸਟਰਨ ਡਿਸਟਰਬੈਂਸ 15 ਨਵੰਬਰ ਨੂੰ ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਮੌਸਮ ਵਿਭਾਗ ਨੇ ਇਸ ਦਿਨ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਕੇਂਦਰ (ਆਈਐਮਡੀ) ਅਨੁਸਾਰ ਪੰਜਾਬ ਵਿੱਚ ਇੱਕ ਦਿਨ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 2.2 ਡਿਗਰੀ ਅਤੇ ਚੰਡੀਗੜ੍ਹ ਵਿੱਚ 1.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 'ਚ ਵੀ ਕਰੀਬ 1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਇਹ ਅਜੇ ਵੀ ਆਮ ਨਾਲੋਂ 7 ਡਿਗਰੀ ਜ਼ਿਆਦਾ ਹੈ।
ਪਹਾੜਾਂ 'ਤੇ ਬਰਫਬਾਰੀ ਦੇ ਨਾਲ-ਨਾਲ ਪੰਜਾਬ-ਚੰਡੀਗੜ੍ਹ 'ਚ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ। ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ ਜ਼ੀਰੋ ਤੱਕ ਪਹੁੰਚ ਗਈ ਹੈ। ਮੌਸਮ ਵਿਭਾਗ ਨੇ 15 ਨਵੰਬਰ ਤੱਕ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਚੰਡੀਗੜ੍ਹ ਅਤੇ ਪੰਜਾਬ 'ਚ ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਦੋ ਸ਼ਹਿਰ ਅੰਮ੍ਰਿਤਸਰ ਅਤੇ ਮੰਡੀ ਗੋਬਿੰਦਗੜ੍ਹ ਵੀ ਰੈੱਡ ਜ਼ੋਨ ਵਿੱਚ ਆ ਗਏ ਹਨ। ਚੰਡੀਗੜ੍ਹ, ਪੰਜਾਬ ਵਿੱਚ ਔਸਤ AQI 418 ਅਤੇ ਵੱਧ ਤੋਂ ਵੱਧ 500 ਤੱਕ ਪਹੁੰਚ ਗਿਆ ਹੈ।
ਜਦੋਂ ਕਿ ਸਭ ਤੋਂ ਵੱਧ ਔਸਤ AQI ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ। ਇੱਥੇ AQI 326 ਸੀ, ਜਦੋਂ ਕਿ ਵੱਧ ਤੋਂ ਵੱਧ 425 ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਮੰਡੀਗੋਬਿੰਦਗੜ੍ਹ ਵਿੱਚ ਔਸਤ AQI 303 ਅਤੇ ਵੱਧ ਤੋਂ ਵੱਧ 468 ਦਰਜ ਕੀਤਾ ਗਿਆ ਹੈ। ਧੁੰਦ ਕਾਰਨ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਮਿਲਾਨ ਜਾਣ ਵਾਲੀ ਨੇਆਸ ਦੀ ਫਲਾਈਟ ਨੇ ਰਾਤ 3:30 ਵਜੇ ਅਤੇ ਕਤਰ ਏਅਰਵੇਜ਼ ਦੀ ਦੋਹਾ ਜਾਣ ਵਾਲੀ ਫਲਾਈਟ ਨੇ ਸਵੇਰੇ 4:10 ਵਜੇ ਉਡਾਣ ਭਰਨੀ ਸੀ, ਪਰ ਦੋਵੇਂ ਉਡਾਣਾਂ ਨੇ ਉਡਾਣ ਨਹੀਂ ਭਰੀ।
ਇਸ ਤੋਂ ਇਲਾਵਾ ਸਵੇਰੇ 6:05 ਵਜੇ ਦਿੱਲੀ ਤੋਂ ਰਵਾਨਾ ਹੋਣ ਵਾਲੀ ਇੰਡੀਗੋ ਦੀ ਉਡਾਣ 7:05 ਵਜੇ ਦੇਰੀ ਨਾਲ ਉਡਾਣ ਭਰੇਗੀ। ਸਵੇਰੇ 6:50 'ਤੇ ਦਿੱਲੀ ਲਈ ਏਅਰ ਇੰਡੀਆ ਦੀ ਫਲਾਈਟ ਸਵੇਰੇ 8:40 'ਤੇ ਉਡਾਣ ਭਰੇਗੀ।
ਚੰਡੀਗੜ੍ਹ ਸਣੇ ਪੰਜਾਬ ਦੇ ਵੱਡੇ ਸ਼ਹਿਰਾਂ ਦਾ ਤਾਪਮਾਨ
ਚੰਡੀਗੜ੍ਹ- ਬੁੱਧਵਾਰ ਨੂੰ ਤਾਪਮਾਨ 25.3 ਡਿਗਰੀ ਦਰਜ ਕੀਤਾ ਗਿਆ। ਸਵੇਰੇ ਧੁੰਦ ਛਾਈ ਰਹੇਗੀ। ਦੁਪਹਿਰ ਬਾਅਦ ਅਸਮਾਨ ਸਾਫ਼ ਹੋ ਜਾਵੇਗਾ। ਸ਼ਹਿਰ ਦਾ ਤਾਪਮਾਨ 17 ਤੋਂ 27 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਅੰਮ੍ਰਿਤਸਰ- ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਦਰਜ ਕੀਤਾ ਗਿਆ। ਅੱਜ ਧੁੰਦ ਰਹੇਗੀ। ਤਾਪਮਾਨ 16 ਤੋਂ 26 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਜਲੰਧਰ- ਅੱਜ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਤਾਪਮਾਨ 16 ਤੋਂ 26 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਲੁਧਿਆਣਾ- ਬੁੱਧਵਾਰ ਨੂੰ ਤਾਪਮਾਨ 22.8 ਡਿਗਰੀ ਦਰਜ ਕੀਤਾ ਗਿਆ। ਅੱਜ ਧੁੰਦ ਰਹੇਗੀ, ਸਵੇਰ ਤੋਂ ਬਾਅਦ ਆਸਮਾਨ ਸਾਫ ਹੋ ਜਾਵੇਗਾ। ਤਾਪਮਾਨ 18 ਤੋਂ 28 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਪਟਿਆਲਾ- ਬੀਤੀ ਸ਼ਾਮ ਵੱਧ ਤੋਂ ਵੱਧ ਤਾਪਮਾਨ 21.7 ਡਿਗਰੀ ਦਰਜ ਕੀਤਾ ਗਿਆ। ਅੱਜ ਧੁੰਦ ਅਤੇ ਬੱਦਲ ਛਾਏ ਰਹਿਣਗੇ। ਤਾਪਮਾਨ 18 ਤੋਂ 29 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਮੋਹਾਲੀ- ਬੁੱਧਵਾਰ ਨੂੰ ਤਾਪਮਾਨ 27.1 ਡਿਗਰੀ ਦਰਜ ਕੀਤਾ ਗਿਆ। ਸਵੇਰੇ ਧੁੰਦ ਛਾਈ ਰਹੇਗੀ, ਦੁਪਹਿਰ ਬਾਅਦ ਆਸਮਾਨ ਸਾਫ ਹੋਵੇਗਾ। ਤਾਪਮਾਨ 18 ਤੋਂ 27 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।