Chandigarh News: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸਿਆਸਤ ਗਰਮਾਈ ਹੋਈ ਹੈ। ਇਸ ਦੌਰਾਨ 'ਆਪ' ਦੇ ਤਿੰਨ ਵਿਧਾਇਕਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਕਾਲਾਂ ਆ ਰਹੀਆਂ ਹਨ। ਭਾਜਪਾ ਵਿੱਚ ਸ਼ਾਮਲ ਹੋਣ ਲਈ 25 ਕਰੋੜ ਰੁਪਏ ਤੱਕ ਦੇ ਆਫਰ ਦਿੱਤੇ ਜਾ ਰਹੇ ਹਨ।


ਇਸ ਦੇ ਨਾਲ ਹੀ ਹੁਣ ਪਾਰਟੀ ਦੇ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਡਾਕਟਰ ਸੰਦੀਪ ਪਾਠਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਇਸ ਸਬੰਧੀ ਇੱਕ ਪੋਸਟ ਪਾਈ ਹੈ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਭਾਜਪਾ 'ਤੇ ਗੰਭੀਰ ਦੋਸ਼ ਲਗਾਏ ਹਨ। ਡਾ. ਪਾਠਕ ਦੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਬੋਲੇ ਜੋ ਵੀ ਚਾਹੀਦਾ, ਤੁਹਾਨੂੰ ਮਿਲ ਜਾਵੇਗਾ, ਜੇਕਰ ਤੁਸੀਂ ਬੀਜੇਪੀ ਵਿੱਚ ਨਾ ਆਏ ਤਾਂ ਤੁਹਾਡੀ ਖੈਰ ਨਹੀਂ। ਹਾਲਾਂਕਿ ਉਨ੍ਹਾਂ ਨੇ ਆਪਣੀ ਪੋਸਟ ਦੇ ਅੰਤ ਵਿੱਚ ਲਿਖਿਆ ਹੈ ਕਿ ਜਿੱਤ ਸੱਚ ਦੀ ਹੀ ਹੋਵੇਗੀ।


 






ਡਾਕਟਰ ਸੰਦੀਪ ਪਾਠਕ ਨੇ ਲਿਖਿਆ ਹੈ ਕਿ ਦਿੱਲੀ ਤੇ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਨੂੰ ਬਹੁਤ ਉਮੀਦਾਂ ਨਾਲ ਚੁਣਿਆ ਹੈ ਤੇ ਇਹ ਲੋਕਾਂ ਦਾ ਹੱਕ ਹੈ। ਭਾਜਪਾ ਕਿਸੇ ਪਾਰਟੀ ਵਿਰੁੱਧ ਇਹ ਗੁੰਡਾਗਰਦੀ ਨਹੀਂ ਕਰ ਰਹੀ, ਸਗੋਂ ਦੇਸ਼ ਨਾਲ ਧੋਖਾ ਕਰ ਰਹੀ ਹੈ। ਇਸ ਨਾਲ ਕਿਸੇ ਪਾਰਟੀ ਦਾ ਨਹੀਂ ਸਗੋਂ ਦੇਸ਼ ਦਾ ਨੁਕਸਾਨ ਹੋਵੇਗਾ। ਦੇਸ਼ ਨੂੰ ਤੋੜਨ ਦੀਆਂ ਅਜਿਹੀਆਂ ਕਈ ਕੋਸ਼ਿਸ਼ਾਂ ਪਹਿਲਾਂ ਵੀ ਅੰਗਰੇਜ਼ਾਂ ਤੇ ਮੁਗਲਾਂ ਨੇ ਕੀਤੀਆਂ ਸਨ ਪਰ ਇਤਿਹਾਸ ਗਵਾਹ ਹੈ ਕਿ ਉਹ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ। ਭਾਜਪਾ ਦੀ ਇਹ ਕੋਸ਼ਿਸ਼ ਵੀ ਨਾਕਾਮ ਰਹੇਗੀ। ਸਾਰਿਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਦੇਸ਼ ਦੇ ਸੱਭਿਆਚਾਰ ਤੇ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣ। ਜਿੱਤ ਸੱਚ ਦੀ ਹੀ ਹੋਵੇਗੀ।




ਦੱਸ ਦਈਏ ਕਿ ਇਸ ਤੋਂ ਪਹਿਲਾਂ ‘ਆਪ’ ਦੇ ਸੀਨੀਅਰ ਆਗੂ ਤੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ, ਰਜਿੰਦਰਪਾਲ ਕੌਰ ਛੀਨਾ ਤੇ ਅਮਨਦੀਪ ਮੁਸਾਫਿਰ ਨੇ ਕਿਹਾ ਸੀ ਕਿ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਡੱਕਣ ਤੋਂ ਬਾਅਦ ਹੁਣ ਪਾਰਟੀ ਆਗੂਆਂ, ਸੰਸਦ ਮੈਂਬਰਾਂ ਤੇ ਕੌਂਸਲਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਰਟੀ ਨੂੰ ਤੋੜਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਉਹ ਇਨ੍ਹਾਂ ਚਾਲਚਾਂ ਅੱਗੇ ਝੁਕਣ ਵਾਲਾ ਨਹੀਂ। 



ਹਰ ਕਿਸੇ ਨੂੰ ਫੋਨ ਨੰਬਰ +35796718959 ਤੋਂ ਇੱਕ ਕਾਲ ਆਈ ਹੈ। ਫੋਨ ਕਰਨ ਵਾਲੇ ਨੇ ਸਾਰਿਆਂ ਨੂੰ ਆਪਣਾ ਨਾਂ ਸੇਵਕ ਸਿੰਘ ਦੱਸਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਲਾਲਚ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਮੰਗ ਬਾਰੇ ਵੀ ਪੁੱਛਿਆ ਗਿਆ। ਹਾਲਾਂਕਿ ਤਿੰਨਾਂ ਨੇ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।