Chandigarh News: ਪੰਜਾਬ ਪੁਲਿਸ ਨੇ ਅੱਜ ਇੱਕ ਹੋਰ ਵੱਡਾ ਐਕਸ਼ਨ ਕੀਤਾ ਹੈ। ਪੁਲਿਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਨੇ ਗੈਂਗਸਟਰ ਗੋਲਡੀ ਬਰਾੜ ਨਾਲ ਜੁੜੇ ਗੈਂਗਸਟਰ ਇੰਦਰਪ੍ਰੀਤ ਸਿੰਘ ਉਰਫ ਪੈਰੀ ਨੂੰ ਹਿਮਾਚਲ ਪ੍ਰਦੇਸ਼ ਦੇ ਸੁੰਦਰਨਗਰ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ। ਗੋਲਡੀ ਬਰਾੜ ਦੇ ਗੈਂਗ ਨੂੰ ਤੋੜਨ ਲਈ ਪੁਲਿਸ ਕਾਫੀ ਚੌਕਸ ਨਜ਼ਰ ਆ ਰਹੀ ਹੈ। 



ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਟਵੀਟ ਕਰਕੇ ਦੱਸਿਆ ਕਿ ਗੈਂਗਸਟਰ ਪੈਰੀ ਫਰੀਦਕੋਟ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਸਣੇ ਪੰਜਾਬ ਤੇ ਹਰਿਆਣਾ ਵਿੱਚ ਲਗਪਗ ਇੱਕ ਦਰਜਨ ਮਾਮਲਿਆਂ ਵਿੱਚ ਸ਼ਾਮਲ ਸੀ। ਡੀਜੀਪੀ ਮੁਤਾਬਕ ਪੈਰੀ ਗੋਲਡੀ ਬਰਾੜ ਦੇ ਗੈਂਗ ਦਾ ਸਰਗਰਮ ਮੈਂਬਰ ਹੈ ਤੇ ਹਿਮਾਚਲ ਪ੍ਰਦੇਸ਼ ਵਿੱਚ ਬੈਠ ਕੇ  ਗੈਂਗ ਨੂੰ ਚਲਾ ਰਿਹਾ ਸੀ। 


 






ਪੁਲੀਸ ਨੇ ਪੈਰੀ ਨੂੰ ਗ੍ਰਿਫ਼ਤਾਰ ਕਰਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਉਹ ਸੁੰਦਰਨਗਰ ਦੇ ਇੱਕ ਹੋਟਲ ਵਿੱਚ ਚਾਰ ਪੰਜ ਦਿਨਾਂ ਤੋਂ ਠਹਿਰਿਆ ਹੋਇਆ ਸੀ।


ਜ਼ਿਕਰ ਕਰ ਦਈਏ ਕਿ 10 ਨਵੰਬਰ 2022 ਨੂੰ ਫਰੀਦਕੋਟ ਵਿੱਚ ਡੇਰੇ ਪ੍ਰੇਮੀ ਪ੍ਰਦੀਪ ਕੁਮਾਰ ਦਾ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਸਵੇਰੇ ਦੁਕਾਨ ਖੋਲ੍ਹਣ ਲਈ ਪਹੁੰਚਿਆ ਸੀ। ਪ੍ਰਦੀਪ ਕੁਮਾਰ ਖਿਲਾਫ ਬੇਅਦਬੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਇੱਕ ਤੋਂ ਬਾਅਦ ਇੱਕ ਕਈ ਗੈਂਗਸਟਰ ਫੜੇ। ਇਸ ਮਾਮਲੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਫੰਡਿੰਗ ਦੇ ਦੋਸ਼ ਵਿੱਚ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਉਸ 'ਤੇ ਇਕ ਗੈਂਗਸਟਰ ਦੇ ਖਾਤੇ 'ਚ ਪੈਸੇ ਟਰਾਂਸਫਰ ਕਰਨ ਦਾ ਦੋਸ਼ ਸੀ। ਇਸ ਮਾਮਲੇ 'ਚ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਕਈ ਲੋਕਾਂ ਨੂੰ ਜੇਲ 'ਚੋਂ ਲਿਆ ਕੇ ਪੁੱਛਗਿੱਛ ਕਰ ਰਹੀ ਸੀ। ਇਸੇ ਕੜੀ 'ਚ ਇਹ ਗ੍ਰਿਫਤਾਰੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਕੁਝ ਹੋਰ ਭੇਦ ਖੁੱਲ੍ਹ ਸਕਦੇ ਹਨ। ਕਿਉਂਕਿ ਪੈਰੀ ਟ੍ਰਾਈਸਿਟੀ ਵਿੱਚ ਬਹੁਤ ਸਰਗਰਮ ਸੀ ਅਤੇ ਕਈ ਘਟਨਾਵਾਂ ਪਿੱਛੇ ਉਸਦਾ ਹੱਥ ਸੀ।