Digital Vidhan Sabha - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਵਿਧਾਨ ਸਭਾ ਦੇ ਸਮੁੱਚੇ ਕੰਮ ਕਾਜ ਨੂੰ ਕਾਗਜ਼ ਰਹਿਤ ਕਰ ਦਿੱਤਾ ਗਿਆ ਹੈ ਅਤੇ ਅਗਲੇ ਵਿਧਾਨ ਸਭਾ ਸੈਸ਼ਨ ਦਾ ਸਮੁੱਚਾ ਕੰਮ ਕਾਜ ਪੂਰਨ ਤੌਰ ‘ਤੇ ਡਿਜ਼ੀਟਲ ਅਤੇ ਪੇਪਰਲੈੱਸ ਤਰੀਕੇ ਨਾਲ ਹੋਵੇਗਾ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਵਿੱਚ ਪਹਿਲੀ ਵਾਰ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਪ੍ਰਾਜੈਕਟ ਲਾਗੂ ਕੀਤਾ ਗਿਆ ਹੈ, ਜਿਸ ਨਾਲ ਸਦਨ ਦੀ ਕਾਰਵਾਈ ਮੁਕੰਮਲ ਰੂਪ ਵਿੱਚ ਡਿਜੀਟਾਈਜ਼ਡ ਅਤੇ ਪੇਪਰਲੈਸ ਹੋ ਗਈ ਹੈ।
ਪੰਜਾਬ ਵਿਧਾਨ ਸਭਾ ਵਿਖੇ ਅੱਜ ਸ਼ੁਰੂ ਹੋਈ ਦੋ ਦਿਨਾਂ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ (ਨੇਵਾ) ਕਾਨਫਰੰਸ-ਕਮ-ਵਰਕਸ਼ਾਪ ਦੇ ਦੂਜੇ ਸੈਸ਼ਨ ਦੌਰਾਨ ਵਿਧਾਇਕਾਂ ਅਤੇ ਪ੍ਰਬੰਧਕੀ ਸਕੱਤਰਾਂ ਨੂੰ ਨਵੀਂ ਪ੍ਰਣਾਲੀ ਤਹਿਤ ਕੰਮ ਕਾਜ ਕਰਨ ਦੀ ਸਿਖਲਾਈ ਸੈਸ਼ਨ ਦੌਰਾਨ ਆਪਣੇ ਵਿਚਾਰ ਪੇਸ਼ ਕਰਦਿਆਂ ਸੰਧਵਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਕੰਮਕਾਜ ਨੂੰ ਹਾਈ-ਟੈਕ ਬਣਾਉਣ ਅਤੇ ਆਧੁਨਿਕ ਤਕਨਾਲੋਜੀ ਨਾਲ ਜੋੜਨ ਲਈ ਡਿਜੀਟਲ ਵਿੰਗ ਸਥਾਪਤ ਕੀਤਾ ਗਿਆ ਹੈ। ਡਿਜੀਟਲ ਵਿੰਗ ਵਿੱਚ ਆਈ.ਟੀ. ਸੈੱਲ, ਐਨ.ਆਈ.ਸੀ. ਸੈੱਲ, ਹਾਈ ਟੈੱਕ ਟਰੇਨਿੰਗ ਰੂਮ (ਨੇਵਾ ਸੇਵਾ ਕੇਂਦਰ), ਹਾਈਟੈੱਕ ਕੰਟਰੋਲ ਰੂਮ, ਨੈੱਟਵਰਕ ਕੰਟਰੋਲ ਰੂਮ ਸ਼ਾਮਲ ਹਨ।
ਸਪੀਕਰ ਨੇ ਕਿਹਾ ਕਿ ਨੇਵਾ ਐਪ ਦੀ ਵਰਤੋਂ ਨਾਲ ਜਿੱਥੇ ਸਦਨ ਦੀ ਕਾਰਵਾਈ ਦੀ ਲਾਈਵ ਵੈੱਬਕਾਸਟਿੰਗ ਰਾਹੀਂ ਲੋਕਾਂ ਦੀ ਭਾਗੀਦਾਰੀ ਵਧੇਗੀ, ਉੱਥੇ ਹੀ ਪੰਜਾਬ ਵਿਧਾਨ ਸਭਾ ਦੇ ਸਕੱਤਰੇਤ ਦਾ ਕੰਮ ਕਾਜ ਹੋਰ ਵੀ ਸੁਖਾਲਾ ਹੋਵੇਗਾ। ਉਨ੍ਹਾਂ ਕਿਹਾ ਕਿ ਸਦਨ ਵਿੱਚ ਪੇਪਰ ਵੀ ਇਲੈਕਟ੍ਰਾਨਿਕ ਵਿਧੀ ਰਾਹੀਂ ਪੇਸ਼ ਕੀਤੇ ਜਾਣਗੇ ਅਤੇ ਵਿਧਾਨ ਸਭਾ ਮੈਂਬਰਾਂ ਤੇ ਸਟਾਫ ਨੂੰ ਕਾਗਜ਼ ਰਹਿਤ ਸਹੂਲਤਾਂ ਹਾਸਲ ਹੋਣਗੀਆਂ।
ਸੰਧਵਾਂ ਨੇ ਪੰਜਾਬ ਵਿਧਾਨ ਸਭਾ ਨੂੰ ਸਮੁੱਚੇ ਰੂਪ ‘ਚ ਪੇਪਰਲੈੱਸ ਕਰਨ ਲਈ ਐਨ.ਆਈ.ਸੀ. (ਆਈ.ਟੀ.) ਸੰਸਦੀ ਕਾਜ ਮੰਤਰਾਲਾ ਭਾਰਤ ਸਰਕਾਰ, ਪ੍ਰਸਾਸ਼ਕੀ ਸੁਧਾਰ ਵਿਭਾਗ ਪੰਜਾਬ, ਪੰਜਾਬ ਵਿਧਾਨ ਸਭਾ ਤੇ ਐਨ.ਆਈ.ਸੀ. ਦੇ ਆਈ.ਟੀ. ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰਾਜੈਕਟ ਇਨ੍ਹਾਂ ਦੇ ਅਣਥੱਕ ਯਤਨਾਂ ਨਾਲ ਹੀ ਨੇਪੜੇ ਚਾੜਿਆ ਗਿਆ ਹੈ।
ਸੰਧਵਾਂ ਨੇ ਨੇਵਾ ਐਪ ਦੀਆਂ ਹੋਰ ਵਿਸ਼ੇਸ਼ਤਾਵਾਂ ‘ਤੇ ਚਾਨਣਾ ਪਾਉਣ ਅਤੇ ਇਸ ਦੇ ਤਕਨੀਕੀ ਪਹਿਲੂਆਂ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਤੌਰ ਪਹੁੰਚੇ ਸੰਸਦੀ ਕਾਜ ਮੰਤਰਾਲਾ ਭਾਰਤ ਸਰਕਾਰ ਅਧੀਨ ਸਕੱਤਰ ਮੁਕੇਸ਼ ਕੁਮਾਰ, ਸੀਨੀਅਰ ਡਾਇਰੈਕਟਰ (ਆਈ.ਟੀ.) ਐਨ.ਆਈ.ਸੀ. ਸੰਜੀਵ ਕੁਮਾਰ, ਕੰਸਲਟੈਂਟ ਰਾਜੇਸ਼ ਰਾਣਾ ਅਤੇ ਸਹਾਇਕ ਡਾਇਰੈਕਟਰ ਪ੍ਰੀਤੀ ਯਾਦਵ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ।