Sippy Sidhu murder case  - ਚੰਡੀਗੜ੍ਹ ਦੇ ਮਸ਼ਹੂਰ ਸਿੱਪੀ ਕਤਲ ਕੇਸ ਵਿੱਚ ਅਦਾਲਤ ਨੇ ਸੀਬੀਆਈ ਨੂੰ ਫਟਕਾਰ ਲਗਾਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ ਸੀਬੀਆਈ ਨੇ ਕਲਿਆਣੀ ਨੂੰ ਕਤਲ ਕੇਸ ਨਾਲ ਸਬੰਧਤ ਕੁਝ ਅਹਿਮ ਦਸਤਾਵੇਜ਼ ਸੌਂਪਣੇ ਹਨ। ਪਰ ਸੀਬੀਆਈ ਨੇ ਅਜੇ ਤੱਕ ਹੁਕਮਾਂ ਦੀ ਪਾਲਣਾ ਨਹੀਂ ਕੀਤੀ। 


ਅਜਿਹੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਜਾਂਚ ਏਜੰਸੀ ਨੂੰ ਆਖਰੀ ਮੌਕਾ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਜੇਕਰ ਸੀਬੀਆਈ 22 ਨਵੰਬਰ ਤੱਕ ਕਲਿਆਣੀ ਨੂੰ ਦਸਤਾਵੇਜ਼ ਨਹੀਂ ਦਿੰਦੀ ਤਾਂ ਇਹ ਮਾਮਲਾ ਹਾਈ ਕੋਰਟ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। 


ਦਰਅਸਲ, ਮੁਲਜ਼ਮ ਕਲਿਆਣੀ ਸਿੰਘ ਦੇ ਵਕੀਲ ਨੇ ਕੇਸ ਨਾਲ ਸਬੰਧਤ ਕੁਝ ਜ਼ਰੂਰੀ ਦਸਤਾਵੇਜ਼ ਦੇਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ 'ਤੇ ਹਾਈ ਕੋਰਟ ਨੇ ਸੀਬੀਆਈ ਨੂੰ ਇਹ ਦਸਤਾਵੇਜ਼ ਮੁਹੱਈਆ ਕਰਵਾਉਣ ਲਈ ਕਿਹਾ ਸੀ। ਸੀਬੀਆਈ ਨੇ ਇਸ ਫੈਸਲੇ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕੀਤੀ ਹੈ। ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। 


ਇਸ ਦੇ ਨਾਲ ਹੀ ਸੀਬੀਆਈ ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਦੇ ਆਧਾਰ ’ਤੇ ਹਰ ਵਾਰ ਜ਼ਿਲ੍ਹਾ ਅਦਾਲਤ ਤੋਂ ਸਮਾਂ ਲੈ ਰਹੀ ਹੈ। ਜ਼ਿਕਰਯੋਗ ਹੈ ਕਿ ਅਗਸਤ 2015 ਵਿੱਚ ਹਾਈ ਕੋਰਟ ਦੇ ਵਕੀਲ ਅਤੇ ਸ਼ੂਟਰ ਸੁਖਮਨਪ੍ਰੀਤ ਸਿੰਘ ਉਰਫ ਸਿੱਪੀ ਸਿੱਧ ਦਾ ਸੈਕਟਰ-27 ਦੇ ਪਾਰਕ ਵਿੱਚ ਕਤਲ ਕਰ ਦਿੱਤਾ ਗਿਆ ਸੀ। ਕਲਿਆਣੀ ਸਿੰਘ ਹਾਈ ਕੋਰਟ ਦੇ ਜੱਜ ਦੀ ਧੀ ਹੈ ਅਤੇ ਦੋਸ਼ ਹੈ ਕਿ ਕਤਲ ਵਿੱਚ ਉਸ ਦਾ ਹੱਥ ਸੀ।


ਹਿੰਦੁਸਤਾਨ ਟਾਈਮਜ਼ ਦੀ ਰਿਪੋਰੋਟ ਮੁਤਾਬਿਕ ਸੀਬੀਆਈ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਇੱਕ ਅਣਪਛਾਤੇ ਹਮਲਾਵਰ ਅਤੇ ਦੋਸ਼ੀ ਕਲਿਆਣੀ ਨੇ ਹਥਿਆਰਾਂ ਦੀ ਵਰਤੋਂ ਕਰਕੇ ਸਿੱਪੀ ਦੀ ਹੱਤਿਆ ਕੀਤੀ ਸੀ। ਮ੍ਰਿਤਕ ਸੁਖਮਨਪ੍ਰੀਤ ਸਿੰਘ ਸਿੱਧੂ ਦੀ ਪੋਸਟਮਾਰਟਮ ਰਿਪੋਰਟ ਇਹ ਦਰਸਾਉਂਦੀ ਹੈ ਕਿ ਕਤਲ ਸ਼ਾਰਟ ਗੰਨ ਅਸਲਾ ਬਾਰੂਦ ਵਰਤ ਕੇ ਕੀਤਾ ਗਿਆ ਸੀ। ਸੀਬੀਆਈ ਨੇ ਕਿਹਾ ਕਿ ਦੋਵਾਂ ਨੂੰ ਕਤਲ ਤੋਂ ਬਾਅਦ ਮੌਕੇ ਤੋਂ ਭੱਜਦੇ ਦੇਖਿਆ ਗਿਆ। ਸੂਤਰਾਂ ਦੇ ਅਨੁਸਾਰ, ਕਤਲ ਦੇ ਸਮੇਂ ਘਟਨਾ ਵਾਲੀ ਥਾਂ ‘ਤੇ ਇੱਕ ਮਾਰੂਤੀ ਜ਼ੈਨ ਕਾਰ ਦੇ ਆਖਰੀ ਚਾਰ ਅੰਕ “1183” ਦੇਖੀ ਗਈ ਸੀ।