ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੁੱਧਵਾਰ 24 ਦਸੰਬਰ ਯਾਨੀਕਿ ਅੱਜ ਦੁਪਹਿਰ ਤੋਂ ਬਾਅਦ ਚੰਡੀਗੜ੍ਹ ਪਹੁੰਚ ਰਹੇ ਹਨ। ਉਨ੍ਹਾਂ ਦੇ ਕਾਰਜਕ੍ਰਮ ਪੰਚਕੂਲਾ ਵਿੱਚ ਹਨ, ਪਰ ਉਹ ਦੁਪਹਿਰ ਦੇ ਸਮੇਂ ਚੰਡੀਗੜ੍ਹ ਆਉਣਗੇ ਅਤੇ ਕੁਝ ਸਮੇਂ ਲਈ ਇੱਥੇ ਰਹਿਣਗੇ। ਵੀਵੀਆਈਪੀ ਮੂਵਮੈਂਟ ਅਤੇ ਸੁਰੱਖਿਆ ਕਾਰਨਾਂ ਕਰਕੇ ਪੁਲਿਸ ਵਿਭਾਗ ਵੱਲੋਂ ਸ਼ਹਿਰ ਵਿੱਚ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਦੌਰਾਨ ਚੰਡੀਗੜ੍ਹ ਦੀਆਂ ਕੁਝ ਮੁੱਖ ਸੜਕਾਂ ‘ਤੇ ਨਿਰਧਾਰਤ ਸਮੇਂ ਲਈ ਟ੍ਰੈਫਿਕ ਰੋਕਿਆ ਜਾਂ ਡਾਇਵਰਟ ਕੀਤਾ ਜਾਵੇਗਾ।
ਟ੍ਰੈਫਿਕ ਐਡਵਾਈਜ਼ਰੀ ਜਾਰੀ, ਰੂਟ ਡਾਇਵਰਟ
ਟ੍ਰੈਫਿਕ ਪੁਲਿਸ ਮੁਤਾਬਕ 24 ਦਸੰਬਰ ਨੂੰ ਦੱਖਣੀ ਮਾਰਗ ‘ਤੇ ਏਅਰਪੋਰਟ ਲਾਈਟ ਪੁਆਇੰਟ ਤੋਂ ਟ੍ਰਿਬਿਊਨ ਚੌਕ ਤੱਕ, ਪੂਰਬੀ ਮਾਰਗ ‘ਤੇ ਟ੍ਰਿਬਿਊਨ ਚੌਕ ਤੋਂ ਟ੍ਰਾਂਸਪੋਰਟ ਲਾਈਟ ਪੁਆਇੰਟ ਤੱਕ ਅਤੇ ਮੱਧ ਮਾਰਗ ‘ਤੇ ਟ੍ਰਾਂਸਪੋਰਟ ਲਾਈਟ ਪੁਆਇੰਟ ਤੋਂ ਫਨ ਰਿਪਬਲਿਕ ਲਾਈਟ ਪੌਇੰਟ ਤੱਕ (ਪੰਚਕੂਲਾ ਵੱਲ) ਆਵਾਜਾਈ ਨਿਯੰਤਰਿਤ ਰਹੇਗੀ। ਇਹ ਟ੍ਰੈਫਿਕ ਨਿਯੰਤਰਣ ਦੁਪਹਿਰ 2:30 ਵਜੇ ਤੋਂ 4:00 ਵਜੇ ਤੱਕ ਅਤੇ ਸ਼ਾਮ 7:00 ਵਜੇ ਤੋਂ 8:30 ਵਜੇ ਤੱਕ ਲਾਗੂ ਰਹੇਗਾ।
ਜਨਤਾ ਨੂੰ ਖਾਸ ਅਪੀਲ
ਚੰਡੀਗੜ੍ਹ ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਰ ਤੋਂ ਨਿਕਲਣ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਵੱਲੋਂ ਦੱਸੇ ਗਏ ਰੂਟ ਵੇਖ ਕੇ ਹੀ ਯਾਤਰਾ ਸ਼ੁਰੂ ਕਰਨ। ਯਾਤਰਾ ਤੋਂ ਪਹਿਲਾਂ ਰੀਅਲ-ਟਾਈਮ ਟ੍ਰੈਫਿਕ ਅੱਪਡੇਟ ਲਈ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਅਧਿਕਾਰਿਕ ਸੋਸ਼ਲ ਮੀਡੀਆ ਹੈਂਡਲਾਂ ‘ਤੇ ਨਜ਼ਰ ਰੱਖਣ ਦੀ ਵੀ ਸਲਾਹ ਦਿੱਤੀ ਗਈ ਹੈ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਸਥਿਤੀ ਦੇ ਮੱਦੇਨਜ਼ਰ ਟ੍ਰੈਫਿਕ ਡਾਇਵਰਜ਼ਨ ਵਿੱਚ ਤਬਦੀਲੀਆਂ ਵੀ ਕੀਤੀਆਂ ਜਾ ਸਕਦੀਆਂ ਹਨ।
ਅਮਿਤ ਸ਼ਾਹ ਦਾ ਦੌਰਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ
ਮੇਅਰ ਪਦ ਦੇ ਚੋਣਾਂ ਤੋਂ ਪਹਿਲਾਂ ਅਮਿਤ ਸ਼ਾਹ ਦਾ ਦੌਰਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਚੰਡੀਗੜ੍ਹ ਵਿੱਚ ਮੇਅਰ ਪਦ ਦਾ ਇੱਕ ਸਾਲ ਦਾ ਕਾਰਜਕਾਲ ਪੂਰਾ ਹੋ ਚੁੱਕਾ ਹੈ ਅਤੇ ਜਨਵਰੀ ਮਹੀਨੇ ਵਿੱਚ ਨਵੇਂ ਮੇਅਰ ਲਈ ਚੋਣਾਂ ਹੋਣੀਆਂ ਹਨ। ਭਾਰਤੀ ਜਨਤਾ ਪਾਰਟੀ ਇੱਕ ਵਾਰ ਫਿਰ ਮੇਅਰ ਪਦ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਇਸੇ ਲਈ ਪਾਰਟੀ ਦੀ ਕੋਸ਼ਿਸ਼ ਹੈ ਕਿ ਆਮ ਆਦਮੀ ਪਾਰਟੀ ਦੇ ਤਿੰਨ ਕੌਸ਼ਲਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ ਜਾਵੇ।
ਸੂਤਰਾਂ ਅਨੁਸਾਰ, ਇਨ੍ਹਾਂ ਤਿੰਨ ਕੌਸ਼ਲਰਾਂ ਨਾਲ ਭਾਜਪਾ ਦੀ ਗੱਲਬਾਤ ਲਗਭਗ ਤੈਅ ਹੋ ਚੁੱਕੀ ਹੈ। ਇਹ ਵੀ ਚਰਚਾ ਹੈ ਕਿ ਅੱਜ ਉਨ੍ਹਾਂ ਕੌਸ਼ਲਰਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲਵਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।