Punjab News : ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਮੰਗਲਵਾਰ (28 ਫਰਵਰੀ) ਨੂੰ ਵੱਡੀ ਕਾਰਵਾਈ ਕੀਤੀ ਹੈ। ਵਿਜੀਲੈਂਸ ਬਿਊਰੋ (Vigilance Bureau) ਦੀ ਟੀਮ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਨਿਰਮਾਣ ਅਧੀਨ ਫਾਰਮ ਹਾਊਸ 'ਤੇ ਪਹੁੰਚੀ। ਟੀਮ ਨੇ ਢਿੱਲੋਂ ਦੇ ਨਿਰਮਾਣ ਅਧੀਨ ਫਾਰਮ ਹਾਊਸ ਦੀ ਪ੍ਰਮਾਇਸ ਕੀਤੀ। ਦੱਸ ਦੇਈਏ ਕਿ ਪਿਛਲੇ ਮਹੀਨੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਨੂੰ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਸੀ। ਵਿਜੀਲੈਂਸ ਅਧਿਕਾਰੀਆਂ ਵੱਲੋਂ ਢਿੱਲੋਂ ਤੋਂ ਵੀ ਕਰੀਬ ਇੱਕ ਘੰਟਾ ਪੁੱਛਗਿੱਛ ਕੀਤੀ ਗਈ ਅਤੇ ਉਸ ਦੀ ਜਾਇਦਾਦ ਦੇ ਵੇਰਵੇ ਵੀ ਮੰਗੇ ਗਏ।


ਵਿਜੀਲੈਂਸ ਬਿਊਰੋ ਨੇ ਢਿੱਲੋਂ ਤੋਂ ਕੀਤੀ ਪੁੱਛਗਿੱਛ

  



ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਖ਼ਿਲਾਫ਼ ਇਹ ਕਾਰਵਾਈ ਵਿਜੀਲੈਂਸ ਬਿਊਰੋ ਵੱਲੋਂ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਡੀਐਸਪੀ ਵਿਜੀਲੈਂਸ ਜਸਵਿੰਦਰ ਸਿੰਘ ਨੇ ਦੱਸਿਆ ਸੀ ਕਿ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਵੱਲੋਂ ਪਹਿਲਾਂ ਢਿੱਲੋਂ ਖ਼ਿਲਾਫ਼ ਸਬੂਤ ਇਕੱਠੇ ਕੀਤੇ ਗਏ ਸਨ। ਇਸ ਤੋਂ ਬਾਅਦ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ। ਪੁੱਛਗਿੱਛ ਦੌਰਾਨ ਕਿੱਕੀ ਢਿੱਲੋਂ ਨੇ ਦੱਸਿਆ ਕਿ ਉਹ ਇਨਕਮ ਟੈਕਸ ਅਦਾ ਕਰਦਾ ਹੈ, ਇਸ ਲਈ ਉਸ ਦੀ ਸਾਰੀ ਜਾਇਦਾਦ ਦੀ ਜਾਣਕਾਰੀ ਰਿਕਾਰਡ ’ਤੇ ਹੈ। ਢਿੱਲੋਂ ਨੇ ਕਿਹਾ ਕਿ ਚੋਣ ਲੜਨ ਸਮੇਂ ਵੀ ਉਨ੍ਹਾਂ ਵੱਲੋਂ ਹਲਫ਼ਨਾਮਿਆਂ ਰਾਹੀਂ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਢਿੱਲੋਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਕੋਈ ਵੀ ਜਾਇਦਾਦ ਨਾ ਤਾਂ ਬੇਨਾਮੀ ਹੈ ਅਤੇ ਨਾ ਹੀ ਛੁਪੀ ਹੋਈ ਹੈ।

 



ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਸਨ। ਕਾਂਗਰਸੀ ਆਗੂਆਂ 'ਤੇ ਲਗਾਤਾਰ ਹੋ ਰਹੀ ਵਿਜੀਲੈਂਸ ਜਾਂਚ ਬਾਰੇ ਢਿੱਲੋਂ ਨੇ ਕਿਹਾ ਸੀ ਕਿ ਜਾਂਚ ਕਰਨਾ ਗਲਤ ਨਹੀਂ ਹੈ ਪਰ ਜਾਂਚ ਨਿਰਪੱਖ ਢੰਗ ਨਾਲ ਹੋਣੀ ਚਾਹੀਦੀ ਹੈ। ਜਾਂਚ ਨੂੰ ਲੈ ਕੇ ਕੋਈ ਬਦਲਾਖੋਰੀ ਨਹੀਂ ਹੋਣੀ ਚਾਹੀਦੀ। 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਢਿੱਲੋਂ ਨੇ ਕਿਹਾ ਸੀ ਕਿ ਪੰਜਾਬ 'ਚ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾਉਣ ਵਾਲੀ ਸਰਕਾਰ ਨੂੰ ਹੁਣ ਭ੍ਰਿਸ਼ਟਾਚਾਰੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।